ਸਤਵਿੰਦਰ ਬਸਰਾ
ਲੁਧਿਆਣਾ, 7 ਜੂਨ
ਕੋਵਿਡ-19 ਕਰਕੇ ਪਿਛਲੇ ਕਈ ਦਿਨਾਂ ਤੋਂ ਬੰਦ ਹੋਏ ਹੋਟਲ, ਰੈਸਟੋਰੈਂਟ ਅਤੇ ਧਾਰਮਿਕ ਸੰਸਥਾਵਾਂ 8 ਜੂਨ ਦੁਬਾਰਾ ਖੋਲ੍ਹੀਆਂ ਜਾ ਰਹੀਆਂ ਹਨ। ਇਸ ਸਬੰਧੀ ਜਿੱਥੇ ਹੋਟਲ ਅਤੇ ਰੈਸਟੋਰੈਂਟਾਂ ਦੇ ਪ੍ਰਬੰਧਕ ਪੱਬਾਂ ਭਾਰ ਹੋ ਗਏ ਹਨ ਉੱਥੇ ਉਨ੍ਹਾਂ ਵੱਲੋਂ ਸਰਕਾਰ ਵੱਲੋਂ ਬਚਾਅ ਲਈ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਲਈ ਪ੍ਰਬੰਧਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਨਿਯਮਾਂ ਨੂੰ ਲਾਗੂ ਕਰਵਾਉਣ ਲਈ ਪੁਲੀਸ ਪ੍ਰਸ਼ਾਸਨ ਨੇ ਵੀ ਪੂਰੀ ਤਿਆਰੀ ਕਸ ਲਈ ਹੈ।
ਜਾਣਕਾਰੀ ਅਨੁਸਾਰ ਸ਼ਹਿਰ ਵਿੱਚ ਅੱਜ ਤੋਂ ਹੋਟਲ ਅਤੇ ਰੈਸਟੋਰੈਂਟ ਆਦਿ ਖੁੱਲ ਰਹੇ ਹਨ। ਪ੍ਰਬੰਧਕਾਂ ਵੱਲੋਂ ਕਰੋਨਾ ਦੇ ਬਚਾਅ ਵਜੋਂ ਆਪਸੀ ਦੂਰੀ ਬਣਾਈ ਰੱਖਣ ਲਈ ਨਿਸ਼ਾਨਦੇਹੀ ਕੀਤੀ ਗਈ, ਕਮਰਿਆਂ ਅਤੇ ਰਿਸੈਪਸ਼ਨ ਖੇਤਰ ਨੂੰ ਸੈਨੇਟਾਈਜ਼ ਕਰਕੇ ਮੁੱਖ ਗੇਟਾਂ ’ਤੇ ਹੀ ਆਉਣ ਵਾਲੇ ਦੀ ਜਾਂਚ ਅਤੇ ਸੈਨੇਟਾਈਜ਼ ਕਰਨ ਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਐਮਬੀਡੀ ਗਰੁੱਪ ਦੇ ਪੀਆਰਓ ਸੰਦੀਪ ਕੁਮਾਰ ਅਨੁਸਾਰ ਲੰਬੇ ਸਮੇਂ ਬਾਅਦ ਅੱਜ ਹੋਟਲ, ਰੈਸਟੋਰੈਂਟ ਖੁੱਲ ਰਹੇ ਹਨ। ਇਸ ਲਈ ਨਿਯਮਾਂ ਦੀ ਪੂਰੀ ਸਖਤੀ ਨਾਲ ਪਾਲਣਾ ਕਰਨ ਨੂੰ ਯਕੀਨੀ ਬਣਾਇਆ ਜਾਵੇਗਾ। ਮੁੱਖ ਗੇਟ ’ਤੇ ਹੀ ਮੁਲਾਜ਼ਮਾਂ ਵੱਲੋਂ ਥਰਮਲ ਸਕਰੀਨਿੰਗ ਦੇ ਨਿਰਦੇਸ਼ ਦੇ ਦਿੱਤੇ ਗਏ ਹਨ। ਇਹ ਮੁਲਾਜ਼ਮ ਵੀ ਪੀਪੀਈ ਕਿੱਟਾਂ, ਦਸਤਾਨੇ ਅਤੇ ਹੋਰ ਸਹੂਲਤਾਂ ਨਾਲ ਲੈਸ ਹੋਣਗੇ।