ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 5 ਅਪਰੈਲ
ਟਿੱਬਾ ਰੋਡ ਦੇ ਸਵਤੰਤਰ ਨਗਰ ਇਲਾਕੇ ’ਚ ਕਾਂਗਰਸ ਦੇ ਵਾਰਡ ਪ੍ਰਧਾਨ ਮੰਗਤ ਰਾਏ ਦੇ ਕਤਲ ਮਾਮਲੇ ’ਚ ਹੁਣ ਤੱਕ ਪੁਲੀਸ ਦੇ ਹੱਥ ਖਾਲੀ ਹਨ। ਪੁਲੀਸ ਨੇ ਇਸ ਮਾਮਲੇ ’ਚ ਅਕਾਲੀ ਆਗੂ ਪਰਮਜੀਤ ਸਿੰਘ ਪੰਮਾ ਨੂੰ ਕਾਬੂ ਕੀਤਾ ਹੈ, ਜਦੋਂਕਿ ਬਾਕੀ ਮੁਲਜ਼ਮ ਫ਼ਰਾਰ ਹਨ। ਮ੍ਰਿਤਕ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਮੁਲ਼ਜਮ ਫੜੇ ਨਹੀਂ ਜਾਂਦੇ, ਉਦੋਂ ਤੱਕ ਨਾ ਲਾਸ਼ ਦਾ ਪੋਸਟਮਾਰਟਮ ਨਹੀਂ ਕਰਵਾਉਣਗੇ ਤੇ ਨਾ ਹੀ ਸਸਕਾਰ ਕਰਨਗੇ। ਇਸ ਦੇ ਨਾਲ ਹੀ ਲੁਧਿਆਣਾ ਪੁਲੀਸ ਕੋਲ ਪੁੱਜੇ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪੁਲੀਸ ਕਮਿਸ਼ਨਰੇਟ ਨੂੰ ਬੁੱਧਵਾਰ ਸ਼ਾਮ ਤੱਕ ਦਾ ਅਲਟੀਮੇਟਮ ਦਿੱਤਾ ਹੈ। ਉਧਰ, ਕਮਿਸ਼ਨਰੇਟ ਪੁਲੀਸ ਵੱਲੋਂ ਫ਼ਰਾਰ ਚੱਲ ਰਹੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਤਿੰਨ ਟੀਮਾਂ ਤਿਆਰੀ ਕੀਤੀਆਂ ਗਈਆਂ ਹਨ।
‘ਆਪ’ ਸਰਕਾਰ ਕਾਨੂੰਨ ਵਿਵਸਥਾ ’ਤੇ ਧਿਆਨ ਦੇਵੇ: ਮਨੀਸ ਤਿਵਾੜੀ
ਸੰਸਦ ਮੈਂਬਰ ਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਪੰਜਾਬ ਵਿੱਚ ਦਿਨ-ਦਿਹਾੜੇ ਹੋ ਰਹੀਆਂ ਹੱਤਿਆਵਾਂ ਨੂੰ ਲੈ ਕੇ ਸੂਬੇ ਦੀ ਕਾਨੂੰਨ ਵਿਵਸਥਾ ਦੀ ਸਥਿਤੀ ’ਤੇ ਡੂੰਘੀ ਚਿੰਤਾ ਜ਼ਾਹਿਰ ਕੀਤੀ, ਜਿਸ ’ਤੇ ਉਨ੍ਹਾਂ ਨੇ ਸੂਬੇ ਦੀ ਆਮ ਆਦਮੀ ਪਾਰਟੀ ਨੂੰ ਰਾਜਨੀਤੀ ਦੀ ਬਜਾਏ ਕਾਨੂੰਨ ਵਿਵਸਥਾ ’ਤੇ ਧਿਆਨ ਦੇਣ ਲਈ ਕਿਹਾ ਹੈ। ਇਸ ਦੌਰਾਨ ਤਿਵਾੜੀ ਨੇ ਮੰਗਤ ਰਾਮ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।