ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 8 ਅਪਰੈਲ
ਲੁਧਿਆਣਾ ’ਚ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਸਥਾਨਕ ਸਰਕਾਰਾਂ ਮੰਤਰੀ ਮਨੋਰੰਜਨ ਕਾਲੀਆ ਅੱਜ ਲੁਧਿਆਣਾ ਪੁੱਜੇ, ਜਿਥੇ ਉਨ੍ਹਾਂ ਨੇ ਸਰਕਟ ਹਾਊਸ ਵਿਚ ਪੱਤਰਕਾਰ ਮਿਲਣੀ ਕਰਕੇ ਪੰਜਾਬ ਸਰਕਾਰ ’ਤੇ ਦੋਸ਼ ਲਗਾਏ ਹਨ ਕਿ ਸਰਕਾਰ ਸੂਬੇ ਵਿਚ ਯੂਪੀ ਦੇ ਗੈਂਗਸਟਰਾਂ ਨੂੰ ਵੀਆਈਪੀ ਟਰੀਟਮੈਂਟ ਦੇ ਰਹੀ ਹੈ ਤੇ ਭਾਜਪਾ ਵਿਧਾਇਕਾਂ ’ਤੇ ਹਮਲੇ ਹੋ ਰਹੇ ਹਨ। ਕਾਂਗਰਸ ਸਰਕਾਰ ਵਿਚ ਕਾਨੂੰਨ ਵਿਵਸਥਾ ਨਾਂ ਦੀ ਕੋਈ ਚੀਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਕੈਪਟਨ ਨੇ ਚਾਰ ਸਾਲ ਪਹਿਲਾਂ ਸੱਤਾ ਵਿਚ ਆਉਣ ਲਈ ਸਹੂੰਆਂ ਖਾ ਕੇ ਝੂਠੇ ਵਾਅਦੇ ਕੀਤੇ, ਹੁਣ ਉਨ੍ਹਾਂ ਵਾਅਦਿਆਂ ਵਿੱਚੋਂ ਹੀ 85 ਫ਼ੀਸਦੀ ਵਾਅਦੇ ਪੂਰੇ ਕਰਨ ਦਾ ਦਾਅਵਾ ਕੀਤਾ ਹੈ, ਜੋ ਕਿ ਝੂਠ ਹੈ। ਕਾਲੀਆ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੰਕਾਰ ’ਚ ਹੈ, ਇਸ ਲਈ ਉਹ ਕਹਿ ਰਹੇ ਹਨ ਕਿ ਮੇਰੇ ਸਾਹਮਣੇ ਕੋਈ ਵੀ ਨਹੀਂ ਹੈ। ਕਾਲੀਆ ਨੇ ਕਿਹਾ ਕਿ ਰੁਜ਼ਗਾਰ ਦੇ ਵਾਅਦੇ ਤਹਿਤ ਕੈਪਟਨ ਨੇ ਲੋਕਾਂ ਨੂੰ ਪ੍ਰਾਈਵੇਟ ਕੰਪਨੀਆਂ ’ਚ ਨੌਕਰੀਆਂ ਦਿੱਤੀਆਂ, ਜੋ ਕਿ ਅਗਲੇ ਹੀ ਮਹੀਨੇ ਚਲੀਆਂ ਗਈਆਂ। ਉਨ੍ਹਾਂ ਕਿਹਾ ਕਿ ਪੰਜਾਬ ’ਚ ਲਾਅ ਐਂਡ ਆਰਡਰ ਦੀ ਸਥਿਤੀ ਵੀ ਬਿਲਕੁਲ ਠੀਕ ਨਹੀਂ ਹੈ। ਪੁਲੀਸ ਦੀ ਮੌਜੂਦਗੀ ’ਚ ਭਾਜਪਾ ਵਿਧਾਇਕ ’ਤੇ ਹਮਲਾ ਹੋ ਰਿਹਾ ਹੈ। ਇਸ ਦੌਰਾਨ ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਸਿੰਗਲ, ਜੀਵਨ ਗੁਪਤਾ, ਰਾਜਿੰਦਰ ਭੰਡਾਰੀ ਤੇ ਹੋਰ ਆਗੂ ਵੀ ਮੌਜੂਦ ਸਨ।