ਖੇਤਰੀ ਪ੍ਰਤੀਨਿਧ
ਲੁਧਿਆਣਾ, 10 ਮਾਰਚ
ਵਿਧਾਨ ਸਭਾ ਚੋਣ ਨਤੀਜਿਆਂ ’ਤੇ ਟਿੱਪਣੀ ਕਰਦਿਆਂ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਸੂਬਾ ਪ੍ਰੈੱਸ ਸਕੱਤਰ ਪ੍ਰਭਜੀਤ ਸਿੰਘ ਰਸੂਲਪੁਰ ਨੇ ਕਿਹਾ ਕਿ ਜੋ ਵੀ ਸਰਕਾਰ ਮੁਲਾਜ਼ਮਾਂ ਨਾਲ ਬੇਇਨਸਾਫ਼ੀ ਕਰਦੀ ਹੈ, ਉਹ ਚੋਣਾਂ ’ਚ ਇਸ ਧੱਕੇਸ਼ਾਹੀ ਦੇ ਨਤੀਜੇ ਵੀ ਭੁਗਤਦੀ ਹੈ। ਇਸੇ ਦੌਰਾਨ ਗੌਰਮਿੰਟ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਮਾਨ ਨੇ ਕਿਹਾ ਹੈ ਕਿ ਸਰਕਾਰ ਨੇ ਘਾਟੇ ਵਾਲਾ ਪੇਅ ਕਮਿਸ਼ਨ ਦਿੰਦਿਆਂ 32 ਤਰ੍ਹਾਂ ਦੇ ਭੱਤੇ ਵੀ ਕੱਟ ਲਏ ਸਨ। ਮਨਪ੍ਰੀਤ ਬਾਦਲ ਵੱਲੋਂ ਹਰ ਵਾਰ ਖਾਲੀ ਖਜ਼ਾਨੇ ਦੀ ਰੱਟ ਲਾ ਕੇ ਮੁਲਾਜ਼ਮਾਂ ਨੂੰ ਵਾਪਸ ਮੋੜਨਾ, ਕੱਚੇ ਮੁਲਾਜ਼ਮਾਂ ਨੂੰ ਪੱਕਾ ਨਾ ਕਰਨਾ ਹੀ ਸਰਕਾਰ ਦੀ ਹਾਰ ਦਾ ਕਾਰਨ ਬਣਿਆ।