ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 15 ਸਤੰਬਰ
ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਅੱਜ ਇਥੇ ਪ੍ਰਧਾਨ ਮੰਤਰੀ ਅਵਾਸ ਯੋਜਨਾ (ਗ੍ਰਾਮੀਣ) ਤਹਿਤ ਨਵੇਂ ਮਕਾਨਾਂ ਦੀ ਗ੍ਰਾਂਟ ਲਈ 27 ਲੋੜਵੰਦ ਅਤੇ ਗ਼ਰੀਬ ਪਰਿਵਾਰਾਂ ਨੂੰ ਪੱਕੇ ਘਰ ਬਣਾਉਣ ਲਈ ਪ੍ਰਵਾਨਗੀ ਪੱਤਰ ਸੌਂਪੇ। ਉਨ੍ਹਾਂ ਆਖਿਆ ਕਿ ਇਨ੍ਹਾਂ ਲੋੜਵੰਦ ਗਰੀਬ ਪਰਿਵਾਰਾਂ ਦੇ ਨਵੇਂ ਪੱਕੇ ਘਰ ਬਣਾਉਣ ਲਈ ਪਹਿਲੀ ਕਿਸ਼ਤ ਦੀ ਰਾਸ਼ੀ ਉਨ੍ਹਾਂ ਦੇ ਖਾਤਿਆਂ ’ਚ ਪਾ ਦਿੱਤੀ ਗਈ ਹੈ। ਇਨ੍ਹਾਂ ਦੇ ਘਰ ਬਣਾਉਣ ਦਾ ਕੰਮ ਸ਼ੁਰੂ ਹੋਣ ਉਪਰੰਤ ਅਗਲੀਆਂ ਦੋ ਹੋਰ ਕਿਸ਼ਤਾਂ ਵੀ ਪੜਾਅਵਾਰ ਜਾਰੀ ਹੋਣਗੀਆਂ। ਲੋੜਵੰਦ ਪਰਿਵਾਰਾਂ ਨੂੰ ਪੱਕੇ ਘਰ ਬਣਾਉਣ ਲਈ ਇਕ ਲੱਖ ਵੀਹ ਹਜ਼ਾਰ ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾਵੇਗੀ ਅਤੇ 12 ਹਜ਼ਾਰ ਰੁਪਏ ਵੱਖਰੇ ਤੌਰ ’ਤੇ ਪਖਾਨੇ ਬਣਾਉਣ ਲਈ ਮਹਾਤਮਾ ਗਾਂਧੀ ਨਰੇਗਾ ਸਕੀਮ ਤਹਿਤ ਦਿੱਤੇ ਜਾਣਗੇ। ਮਾਣੂੰਕੇ ਨੇ ਕਿਹਾ ਕਿ 27 ਪਰਿਵਾਰਾਂ ਦੇ ਘਰ ਬਣਾਏ ਜਾ ਰਹੇ ਹਨ ਅਤੇ ਹੋਰ ਵੀ ਲੋੜਵੰਦ ਤੇ ਗਰੀਬ ਪਰਿਵਾਰਾਂ ਦੀ ਸਮੀਖਿਆ ਕੀਤੀ ਗਈ ਹੈ। ਇਸ ਮੌਕੇ ਬੀਡੀਪੀਓ ਸੁਖਦੀਪ ਸਿੰਘ ਗਰੇਵਾਲ, ਏਪੀਓ ਗੁਰਇਕਬਾਲ ਸਿੰਘ, ਪੁਨੀਤ ਗਰਗ, ਹੇਮੰਤ, ਸੁਸ਼ਮਾ ਰਾਣੀ, ਗੁਰਪ੍ਰੀਤ ਸਿੰਘ, ਮਨਦੀਪ ਸਿੰਘ, ਪ੍ਰਮਾਤਮਾ ਸਿੰਘ, ਬਲਵੰਤ ਸਿੰਘ, ਸੈਕਟਰੀ ਜਗਦੇਵ ਸਿੰਘ, ਗੁਰਚਰਨ ਸਿੰਘ ਮੀਰਪੁਰ ਹਾਂਸ, ਕੁਲਵਿੰਦਰ ਸਿੰਘ, ਕੁਲਦੀਪ ਸਿੰਘ, ਸਾਕਸ਼ੀ ਆਦਿ ਹਾਜ਼ਰ ਸਨ।