ਜਸਬੀਰ ਸ਼ੇਤਰਾ
ਜਗਰਾਉਂ, 16 ਫਰਵਰੀ
ਆਮ ਆਦਮੀ ਪਾਰਟੀ ਦੀ ਮਹਿਲਾ ਉਮੀਦਵਾਰ ਤੇ ਵਿਧਾਨ ਸਭਾ ’ਚ ਵਿਰੋਧੀ ਧਿਰ ਦੀ ਉਪ ਨੇਤਾ ਸਰਵਜੀਤ ਕੌਰ ਮਾਣੂੰਕੇ ਨੇ ਪਿੰਡਾਂ ਦੇ ਦੌਰੇ ਦੀ ਸ਼ੁਰੂਆਤ ਕਸਬਾ ਹਠੂਰ ਤੋਂ ਕੀਤੀ। ਹਠੂਰ ’ਚ ਬੀਬੀ ਮਾਣੂੰਕੇ ਨੂੰ ਲੋਕਾਂ ਨੇ ਕੇਲਿਆਂ ਨਾਲ ਤੋਲਿਆ। ਇਸ ਇਲਾਕੇ ਦੇ ਦਰਜਨਾਂ ਪਿੰਡਾਂ ’ਚ ਉਨ੍ਹਾਂ ਨੌਜਵਾਨਾਂ ਨੂੰ ਲੈ ਕੇ ਮੋਟਰਸਾਈਕਲ ਰੈਲੀ ਕੱਢੀ ਜਿਸ ’ਚ ਵਿਧਾਇਕ ਮਾਣੂੰਕੇ ਖ਼ੁਦ ਐਕਟਿਵਾ ਚਲਾ ਰਹੇ ਸਨ। ਮੋਟਰਸਾਈਕਲਾਂ ਦੇ ਕਾਫਲਾ ‘ਆਪ’ ਦੇ ਝੰਡੇ ਤੇ ਨਾਅਰੇ ਲਾਉਂਦਾ ਕਈ ਪਿੰਡਾਂ ਵਿੱਚੋਂ ਲੰਘਿਆ। ਇਸੇ ਦੌਰਾਨ ਲੰਘੀ ਰਾਤ ਨੂੰ ਉਨ੍ਹਾਂ ਨੇ ਨਾਨਕ ਨਗਰ ਵਿਚ ਜਾਗੋ ਵੀ ਕੱਢੀ।
ਇਸ ਸਮੇਂ ਵਿਧਾਇਕ ਮਾਣੂੰਕੇ ਨੇ ਕਿਹਾ ਕਿ ਲੋਕ ‘ਆਪ’ ਦੀ ਸਰਕਾਰ ਬਣਾਉਣ ਅਤੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇਖਣ ਲਈ ਕਾਹਲੇ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਦਿਖਾਈ ਦੇ ਰਹੀ ਹਾਰ ਤੋਂ ਬੌਖਲਾਹਟ ’ਚ ਆ ਗਏ ਹਨ ਅਤੇ ਘਠੀਆ ਦੋਸ਼ ਮੜ੍ਹਨ ਲੱਗੇ ਹਨ। ਉਨ੍ਹਾਂ ਕਿਹਾ ਕਿ ਪੂਰਾ ਹਲਕਾ ਉਨ੍ਹਾਂ ਦੀ ਕਾਰਗੁਜ਼ਾਰੀ ਨੂੰ ਜਾਣਦਾ ਹੈ ਅਤੇ ਲੋਕ ਵੋਟਾਂ ਨਾਲ ਵਿਰੋਧੀਆਂ ਦਾ ਮੂੰਹ ਤੋੜਨਗੇ। ‘ਜਾਗੋ’ ਸਮੇਂ ਕੁਲਵਿੰਦਰ ਸਿੰਘ ਕਾਲਾ, ਗੁਰਨਾਮ ਸਿੰਘ ਭੈਣੀ, ਗੁਰਮੀਤ ਕੌਰ ਆਦਿ ਨੇ ਸਾਥ ਦਿੱਤਾ ਜਦਕਿ ਪਿੰਡਾਂ ਦੇ ਦੌਰੇ ਸਮੇਂ ਇਕੱਠ ਨੂੰ ਬੀਬੀ ਮਾਣੂੰਕੇ ਤੇ ਪ੍ਰੀਤਮ ਸਿੰਘ ਅਖਾੜਾ ਨੇ ਸੰਬੋਧਨ ਕੀਤਾ। ਇਸ ਮੌਕੇ ਪ੍ਰੋ. ਸੁਖਵਿੰਦਰ ਸਿੰਘ ਸੁੱਖੀ, ਪੱਪੂ ਭੰਡਾਰੀ, ਤਰਸੇਮ ਸਿੰਘ ਹਠੂਰ, ਸੁਰਜੀਤ ਸਿੰਘ, ਛਿੰਦਰਪਾਲ ਸਿੰਘ ਮੀਨੀਆ ਆਦਿ ਮੌਜੂਦ ਸਨ।
ਮਜ਼ਦੂਰ ਤਬਕੇ ਦੀ ਵਸੋਂ ਵਾਲੀ ਨਾਨਕ ਨਗਰੀ ਵਿੱਚ ਬੀਬੀ ਮਾਣੂੰਕੇ ਨੇ ਰਾਤ ‘ਜਾਗੋ’ ਕੱਢੀ। ਇਸ ਸਮੇਂ ਮਜ਼ਦੂਰ ਵਰਗ ਦਾ ਉਨ੍ਹਾਂ ਨੂੰ ਭਰਪੂਰ ਹੁੰਗਾਰਾ ਮਿਲਿਆ। ਵਿਧਾਇਕ ਮਾਣੂੰਕੇ ਨੇ ਕਿਹਾ ਕਿ ਇਹ ‘ਜਾਗੋ’ ਵੋਟਰਾਂ ਨੂੰ ਉਨ੍ਹਾਂ ਦੇ ਹੱਕਾਂ ਲਈ ਜਗਾਉਣ ਦੀ ਹੈ ਤਾਂ ਜੋ ਉਹ ਦੂਜੀਆਂ ਪਾਰਟੀਆਂ ਵੱਲੋਂ ਦਿੱਤੇ ਜਾਣ ਵਾਲੇ ਕਿਸੇ ਤਰ੍ਹਾਂ ਦੇ ਵੀ ਲਾਲਚ ’ਚ ਆਏ ਬਿਨਾਂ ਆਪਣੀ ਕਿਸਮਤ ਦਾ ਫ਼ੈਸਲਾ 20 ਫਰਵਰੀ ਨੂੰ ਮਤਦਾਨ ਰਾਹੀਂ ਆਪ ਕਰਨ ਸਕਣ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦੀ ਹਮਾਇਤ ਲੋਕਾਂ ਵੱਲੋਂ ਦਿੱਤੀ ਜਾ ਰਹੀ ਹੈ ਉਸ ਤੋਂ ਸਪੱਸ਼ਟ ਹੈ ਕਿ ‘ਆਪ’ ਜਗਰਾਉਂ ’ਚ ਤਾਂ ਚੋਣ ਜਿੱਤ ਹੀ ਰਹੀ ਹੈ, ਪੰਜਾਬ ’ਚ ਸਰਕਾਰ ਵੀ ਆਮ ਆਦਮੀ ਪਾਰਟੀ ਦੀ ਬਣੇਗੀ।