ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 8 ਅਕਤੂਬਰ
ਸਨਅਤੀ ਸ਼ਹਿਰ ਦੇ ਬਰਾਊਂਡ ਰੋਡ ਸਥਿਤ ਹੋਟਲ ’ਚ ਸ਼ਹਿਰ ਦੇ ਨਾਮੀ ਕਾਰੋਬਾਰੀ ਕੁਝ ਲੜਕੀਆਂ ਨਾਲ ਮਿਲ ਕੇ ਰੰਗਰਲੀਆਂ ਮਨਾ ਰਹੇ ਸਨ। ਸੂਚਨਾ ਮਿਲਣ ਤੋਂ ਬਾਅਦ ਥਾਣਾ ਡਿਵੀਜ਼ਨ ਨੰ. 2 ਦੀ ਪੁਲੀਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਮੁਲਜ਼ਮ ਇਕੱਲੇ ਲੁਧਿਆਣਾ ਦੇ ਹੀ ਨਹੀਂ ਬਲਕਿ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਨਾਲ ਨਾਲ ਪਟਨਾ, ਦਿੱਲੀ ਤੇ ਇਲਾਹਾਬਾਦ ਨਾਲ ਸਬੰਧਤ ਨਿਕਲੇ। ਸਾਰੀ ਰਾਤ ਚੱਲੀ ਇਸ ਕਾਰਵਾਈ ਤੋਂ ਬਾਅਦ ਪੁਲੀਸ ਨੇ ਹੋਟਲ ਪ੍ਰਬੰਧਕਾਂ ਸਣੇ ਕਾਰੋਬਾਰੀਆਂ ਤੇ ਲੜਕੀਆਂ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਮੁਲਜ਼ਮਾਂ ਦਾ ਸਿਵਲ ਹਸਪਤਾਲ ’ਚ ਮੈਡੀਕਲ ਵੀ ਕਰਵਾਇਆ। ਗ੍ਰਿਫ਼ਤਾਰ ਕੀਤੀਆਂ ਗਈਆਂ 7 ਲੜਕੀਆਂ ’ਚੋਂ ਪੰਜ ਸ਼ਹਿਰ ਦੀਆਂ ਅਤੇ ਇੱਕ ਮੁੰਬਈ ਦੇ ਠਾਣੇ ਅਤੇ ਇੱਕ ਹਰਿਆਣਾ ਦੀ ਵਾਸੀ ਹੈ। ਪੁਲੀਸ ਨੇ 25 ਵਿਅਕਤੀਆਂ ਨੂੰ ਨਾਜ਼ਮਦ ਕਰਨ ਤੋਂ ਇਲਾਵਾ 2-3 ਅਣਪਛਾਤੇ ਲੋਕਾਂ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਸਾਰੇ ਕਾਰੋਬਾਰੀ ਵੱਖ-ਵੱਖ ਫੀਲਡ ਦੇ ਹਨ ਤੇ ਕੁਝ ਕਾਰੋਬਾਰੀ ਹੌਜ਼ਰੀ ਦੀ ਖਰੀਦਦਾਰੀ ਕਰਨ ਆਏ ਸਨ। ਦੱਸਿਆ ਜਾ ਰਿਹਾ ਹੈ ਕਿ ਕਈ ਰਾਜਸੀ ਆਗੂਆਂ ਦੇ ਜਾਣਕਾਰ, ਪੁਲੀਸ ’ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਵੀ ਕਰ ਰਹੇ ਸਨ, ਪਰ ਫਿਰ ਵੀ ਸਾਰਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ। ਫੜੇ ਗਏ ਕਾਰੋਬਾਰੀਆਂ ਨੂੰ ਬਚਾਉਣ ਲਈ ਕੁਝ ਲੋਕ ਸਵੇਰ ਤੱਕ ਕੋਸ਼ਿਸ਼ਾਂ ਕਰਦੇ ਰਹੇ।
ਘਰ ਦੇ ਬਾਹਰ ਖੜ੍ਹੇ ਨੌਜਵਾਨਾਂ ਦੀ ਕੁੱਟਮਾਰ
ਲੁਧਿਆਣਾ (ਟ੍ਰਿਬਿਊਨ ਨਿਊਜ਼ ਸਰਵਿਸ): ਸਨਅਤੀ ਸ਼ਹਿਰ ’ਚ ਜਨਕਪੁਰੀ ਇਲਾਕੇ ’ਚ ਮਾਮੂਲੀ ਗੱਲ ਨੂੰ ਲੈ ਕੇ ਕੁਝ ਨੌਜਵਾਨਾਂ ਨੇ ਘਰ ਦੇ ਬਾਹਰ ਖੜ੍ਹੇ ਨੌਜਵਾਨਾਂ ਨੂੰ ਭਜਾ ਭਜਾ ਕੇ ਕੁੱਟਿਆ। ਹਮਲਾਵਾਰਾਂ ਨੇ ਦੋਹਾਂ ਨੌਜਵਾਨਾਂ ਨੂੰ ਜ਼ਖਮੀ ਕਰ ਦਿੱਤਾ। ਜਿਨ੍ਹਾਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਪਹੁੰਚਾਇਆ ਗਿਆ। ਥਾਣਾ ਡਿਵੀਜ਼ਨ ਨੰਬਰ 2 ਦੀ ਪੁਲੀਸ ਨੇ ਇਲਾਕੇ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਨਕਪੁਰੀ ਇਲਾਕੇ ’ਚ ਰਹਿਣ ਵਾਲੇ ਪ੍ਰਿੰਸ ਕੁਮਾਰ ਤੇ ਅਲਾਦੀਨ ਗਲੀ ਨੰਬਰ ਛੇ ਦੇ ਬਾਹਰ ਖੜ੍ਹੇ ਗੱਲਾਂ ਕਰ ਰਹੇ ਸਨ। ਇਸੇ ਦੌਰਾਨ ਮੋਟਰਸਾਈਕਲਾਂ ’ਤੇ ਸਵਾਰ 8 ਨੌਜਵਾਨ ਆਏ ਅਤੇ ਉਨ੍ਹਾਂ ਨੇ ਆਉਂਦੇ ਹੀ ਦੋਹਾਂ ’ਤੇ ਹਮਲਾ ਕਰ ਦਿੱਤਾ। ਖੁਦ ਦੀ ਜਾਨ ਬਚਾਉਣ ਲਈ ਦੋਵੇਂ ਉਥੋਂ ਭੱਜੇ ਤਾਂ ਹਮਲਾਵਰ ਵੀ ਉਨ੍ਹਾਂ ਪਿੱਛੇ ਭੱਜ ਪਏ। ਭਜਾ ਭਜਾ ਕੇ ਦੋਹਾਂ ਦੀ ਕੁੱਟਮਾਰ ਕੀਤੀ। ਇਸੇ ਦੌਰਾਨ ਲੋਕ ਇਕੱਠੇ ਹੋਣ ਲੱਗੇ ਤਾਂ ਹਮਲਾਵਰ ਧਮਕੀਆਂ ਦਿੰਦੇ ਉਥੋਂ ਫ਼ਰਾਰ ਹੋ ਗਏ। ਇਸ ਤੋਂ ਬਾਅਦ ਹਮਲਾਵਰ ਗਣੇਸ਼ ਨਗਰ ਇਲਾਕੇ ’ਚ ਵੀ ਗਏ ਤੇ ਉਥੇਂ ਵੀ ਕਾਫ਼ੀ ਰੋਲਾ ਪਾਇਆ।