ਡੀਪੀਐੱਸ ਬੱਤਰਾ
ਸਮਰਾਲਾ, 23 ਦਸੰਬਰ
ਕਿਸਾਨ ਅੰਦੋਲਨ ਦੀ ਹਮਾਇਤ ਕਰ ਰਹੇ ਆੜ੍ਹਤੀ ਆਗੂਆਂ ’ਤੇ ਕੇਂਦਰ ਸਰਕਾਰ ਵੱਲੋਂ ਬਦਲਾਖੋਰੀ ਦੀ ਨੀਅਤ ਨਾਲ ਕਰਵਾਈ ਗਈ ਆਮਦਨ ਕਰ ਵਿਭਾਗ ਦੀ ਛਾਪੇਮਾਰੀ ਦੇ ਰੋਸ ਵਜੋਂ ਇਥੋਂ ਆੜ੍ਹਤੀਆਂ ਨੇ ਅੱਜ ਆਪਣੇ ਕਾਰੋਬਾਰ ਬੰਦ ਕਰਦਿਆਂ ਸ਼ਹਿਰ ਵਿੱਚ ਕੇਂਦਰ ਸਰਕਾਰ ਖ਼ਿਲਾਫ਼ ਰੋਸ ਰੈਲੀ ਕੱਢਕੇ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ। ਇਸ ਦੌਰਾਨ ਆੜ੍ਹਤੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਇਕ ਮੰਗ ਪੱਤਰ ਸਥਾਨਕ ਐੱਸਡੀਐੱਮ ਨੂੰ ਸੌਂਪਿਆ।
ਜਾਣਕਾਰੀ ਮੁਤਾਬਿਕ ਆੜ੍ਹਤੀਆਂ ਦੇ ਪ੍ਰਧਾਨ ਹਰਪਾਲ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਮੰਡੀ ਦੇ ਸਮੂਹ ਆੜ੍ਹਤੀਆਂ ਅਤੇ ਮੁਨੀਮਾਂ ਨੇ ਸ਼ਹਿਰ ਦੀ ਪੁਰਾਣੀ ਦਾਣਾ ਮੰਡੀ ਤੋਂ ਰੋਸ ਰੈਲੀ ਆਰੰਭ ਕਰਦੇ ਹੋਏ ਐੱਸ.ਡੀ.ਐੱਮ. ਦਫ਼ਤਰ ਅੱਗੇ ਕੁਝ ਦੇਰ ਲਈ ਧਰਨਾ ਦਿੱਤਾ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕਰਦਿਆਂ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਗੱਲਬਾਤ ਕਰਦਿਆਂ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਦਿੱਲੀ ਵਿੱਚ ਕਿਸਾਨ ਆਪਣੇ ਅਧਿਕਾਰਾਂ ਦੀ ਲੜਾਈ ਲੜ ਰਹੇ ਹਨ ਅਤੇ ਸਰਕਾਰ ਕਿਸਾਨ ਅੰਦੋਲਨ ਨੂੰ ਫੇਲ੍ਹ ਕਰਨ ਲਈ ਕਿਸਾਨਾਂ ਦੀ ਹਮਾਇਤ ਕਰ ਰਹੇ ਆੜ੍ਹਤੀਆਂ ਨੂੰ ਡਰਾਉਣ ਲਈ ਛਾਪੇ ਮਾਰਨ ਦੀ ਕਾਰਵਾਈ ਕਰਵਾ ਰਹੀ ਹੈ, ਜੋ ਸਰਾਸਰ ਧੱਕੇਸ਼ਾਹੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਮੰਡੀ ਬੋਰਡ ਦੇ ਸਾਬਕਾ ਡਾਇਰੈਕਟਰ ਆਲਮਦੀਪ ਸਿੰਘ ਮੱਲਮਾਜਰਾ, ਪਰਮਿੰਦਰ ਸਿੰਘ ਪਾਲਮਾਜਰਾ, ਸਨੀ ਦੂਆ, ਦੀਪਕ ਭਾਰਦਵਾਜ ਤੇ ਗੁਰਮੇਲ ਸਿੰਘ ਕੰਗ ਹਾਜ਼ਰ ਸਨ।
ਖੰਨਾ (ਜੋਗਿੰਦਰ ਸਿੰਘ ਓਬਰਾਏ): ਅੱਜ ਇਥੇ ਆੜ੍ਹਤੀ ਐਸੋਸੀਏਸ਼ਨ ਦੇ ਮੈਬਰਾਂ ਦੀ ਇੱਕਤਰਤਾ ਹਰਬੰਸ ਸਿੰਘ ਰੋਸ਼ਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਆੜ੍ਹਤੀਆਂ ਖ਼ਿਲਾਫ਼ ਆਮਦਨ ਕਰ ਵਿਭਾਗ ਵੱਲੋਂ ਛਾਪੇਮਾਰੀ ਕਰਨ ਦੇ ਵਿਰੋਧ ਵਿਚ ਕੇਂਦਰ ਸਰਕਾਰ ਖ਼ਿਲਾਫ਼ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਅਤੇ ਮੰਡੀ ਨੂੰ 25 ਦਸੰਬਰ ਤੱਕ ਬੰਦ ਕਰਨ ਦਾ ਫ਼ੈਸਲਾ ਵੀ ਲਿਆ। ਇਸ ਮੌਕੇ ਸ੍ਰੀ ਰੋਸ਼ਾ ਅਤੇ ਯਾਦਵਿੰਦਰ ਸਿੰਘ ਲਬਿੜਾ ਨੇ ਕਿਹਾ ਕਿ ਕਿਸਾਨ ਅੰਦੋਲਨ ਤੋਂ ਘਬਰਾਈ ਕੇਂਦਰ ਸਰਕਾਰ ਆੜ੍ਹਤੀਆਂ ਨੂੰ ਡਰਾਉਣ ਲਈ ਗੈਰ ਇਖਲਾਕੀ ਕੰਮਾਂ ’ਤੇ ਉੱਤਰ ਆਈ ਹੈ, ਜਿਸ ਕਾਰਨ ਆੜ੍ਹਤੀ ਐਸੋਸੀਏਸ਼ਨ ਦੇ ਆਗੂਆਂ ’ਤੇ ਕੇਂਦਰ ਸਰਕਾਰ ਦੇ ਇਸ਼ਾਰੇ ਉੱਤੇ ਆਮਦਨ ਕਰ ਵਿਭਾਗ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ 25 ਦਸੰਬਰ ਤੱਕ ਮੰਡੀਆਂ ਰੋਸ ਵਜੋਂ ਬੰਦ ਰਹਿਣਗੀਆਂ, ਜੇਕਰ ਆੜ੍ਹਤੀਆਂ ਨੂੰ ਤੰਗ ਪ੍ਰੇਸ਼ਾਨ ਕਰਨਾ ਬੰਦ ਨਾ ਕੀਤਾ ਗਿਆ ਤਾਂ ਆੜ੍ਹਤੀਆਂ, ਕਿਸਾਨਾਂ ਤੇ ਮਜ਼ਦੂਰਾਂ ਵੱਲੋਂ ਇਨ੍ਹਾਂ ਦੇ ਦਫ਼ਤਰਾਂ ਦਾ ਘਿਰਾਓ ਕੀਤਾ ਜਾਵੇਗਾ।
ਉਪਰੋਕਤ ਆਗੂਆਂ ਨੇ ਕਿਹਾ ਕਿ ਅਧਿਕਾਰੀਆਂ ਨੂੰ ਮੰਡੀਆਂ ਵਿਚ ਵੜਨ ਨਹੀਂ ਦਿੱਤਾ ਜਾਵੇਗਾ ਅਤੇ ਸਰਕਾਰ ਦੀ ਅੰਦੋਲਨ ਤੋਂ ਹਟਾਉਣ ਦੀ ਧਮਕੀ ਦੀ ਪਰਵਾਹ ਵੀ ਨਹੀਂ ਕੀਤੀ ਜਾਵੇਗੀ। ਇਸ ਮੌਕੇ ਸਾਬਕਾ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੀ, ਭਰਪੂਰ ਚੰਦ ਬੈਕਟਰ, ਹਮੀਰ ਸਿੰਘ, ਕੁਲਵੰਤ ਸਿੰਘ, ਜਸਵੰਤ ਸਿੰਘ, ਗੁਰਪਾਲ ਸਿੰਘ, ਰਣਜੀਤ ਸਿੰਘ, ਮੋਹਿਤ ਗੋਇਲ, ਗੁਰਚਰਨ ਸਿੰਘ, ਗਿਰਧਾਰੀ ਲਾਲ, ਗੁਰਜੀਤ ਸਿੰਘ, ਗੁਰਮੇਲ ਸਿੰਘ, ਸੰਜੀਵ ਧੰਮੀ, ਹੁਕਮ ਚੰਦ ਸ਼ਰਮਾ, ਵੈਦ ਪ੍ਰਕਾਸ਼ ਆਦਿ ਹਾਜ਼ਰ ਸਨ।
ਆੜ੍ਹਤੀਆਂ, ਮਜ਼ਦੂਰਾਂ ਤੇ ਮੁਨੀਮਾਂ ਵੱਲੋਂ ਭੁੱਖ ਹੜਤਾਲ
ਜਗਰਾਉਂ (ਪੱਤਰ ਪ੍ਰੇਰਕ): ਕਿਸਾਨੀ ਅੰਦੋਲਨ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਇਥੋਂ ਦੀ ਦਾਣਾ ਮੰਡੀ ’ਚ ਗੱਲਾ ਮਜ਼ਦੂਰ ਯੂਨੀਅਨ, ਆੜ੍ਹਤੀ ਐਸੋਸੀਏਸ਼ਨ ਤੇ ਮੁਨੀਮ ਯੂਨੀਅਨ ਦੇ ਮੈਂਬਰਾਂ ਵੱਲੋਂ ਮੰਡੀ ’ਚ ਰੋਸ ਮਾਰਚ ਕਰਨ ਮਗਰੋਂ ਧਰਨਾ ਦਿੱਤਾ ਗਿਆ। ਇਸ ਧਰਨੇ ਦੌਰਾਨ ਸਾਰੀਆਂ ਜਥੇਬੰਦੀਆਂ ਵਿੱਚ ਰਾਜਪਾਲ ਬਾਬਾ, ਦੇਵਰਾਜ, ਸਤਨਾਮ ਸਿੰਘ, ਮਹਿੰਦਰ ਮਿੰਦੀ ਭੁੱਖ ਹੜਤਾਲ ’ਤੇ ਬੈਠੇ। ਇਸ ਮੌਕੇ ਮਜ਼ਦੂਰਾਂ ਦੇ ਗਲਾਂ ’ਚ ਹਾਰ ਪਾ ਕੇ ਆੜ੍ਹਤੀ ਆਗੂ ਘੱਨ੍ਹਈਆ ਲਾਲ ਬਾਂਕਾ ਨੇ ਮੋਦੀ ਹਕੂਮਤ ਖਿਲਾਫ ਨਾਅਰੇ ਲਗਾਏ ਅਤੇ ਕਿਸਾਨ ਅੰਦੋਲਨ ਦੀ ਡਟ ਕੇ ਹਮਾਇਤ ਦਾ ਸੱਦਾ ਦਿੱਤਾ। ਉਨ੍ਹਾਂ ਆਖਿਆ ਕਿ ਜਦੋਂ ਕਿਸਾਨ ਦਿਵਸ ਦੇ ਸਨਮੁਖ ਦੇਸ਼ ਦੇ ਲੋਕ ਦੁਪਹਿਰ ਦੇ ਖਾਣੇ ਦਾ ਤਿਆਗ ਕਰ ਰਹੇ ਹਨ ਤਾਂ ਇਸ ਦੇ ਉਲਟ ਦੇਸ਼ ਦੇ ਹਾਕਮ ਆੜ੍ਹਤੀ ਵਰਗ ’ਤੇ ਇਨਕਮ ਟੈਕਸ ਵਿਭਾਗ ਵੱਲੋਂ ਛਾਪੇਮਾਰੀ ਕਰਵਾ ਕੇ ਕਿਸਾਨੀ ਹਮਾਇਤ ਨੂੰ ਤਾਰਪੀਡੋ ਕਰਨ ਦੇ ਸੌੜੇ ਯਤਨ ਕਰ ਰਹੀ ਹੈ। ਇਸ ਮੌੌਕੇ ਬਲਵਿੰਦਰ ਭੰਮੀਪੁਰਾ, ਪਰਮਜੀਤ ਪੰਮਾ, ਧਰਮਿੰਦਰ ਤਲਵੰਡੀ, ਕੁਲਦੀਪ ਸਹੋਤਾ ਤੇ ਜਗਤਾਰ ਤਾਰੀ ਨੇ ਸੰਬੋਧਨ ਕੀਤਾ।