ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 22 ਅਕਤੂਬਰ
ਸਿੱੱਖ ਸੰਘਰਸ਼ ਵਿੱਚ ਸ਼ਹੀਦ ਹੋਏ ਪ੍ਰੋ. ਰਜਿੰਦਰਪਾਲ ਸਿੰਘ ਗਿੱਲ ਦੀ ਜੀਵਨੀ ’ਤੇ ਆਧਾਰਿਤ ਪੁਸਤਕ ‘ਨਾਇਕ’ (ਦਿ ਹੀਰੋ) ਅੱਜ ਪਿੰਡ ਜੁਗਿਆਣਾ ਵਿੱਚ ਰਲੀਜ਼ ਕੀਤੀ ਗਈ। ਪ੍ਰੋ. ਗਿੱਲ ਸਾਬਕਾ ਸੰਸਦ ਮੈਂਬਰ ਬੀਬੀ ਰਜਿੰਦਰ ਕੌਰ ਬੁਲਾਰਾ ਦੇ ਪਤੀ ਸਨ। ਉਨ੍ਹਾਂ ਦੀ ਪੁੱਤਰੀ ਹਰਲੇਵ ਕੌਰ ਬੇਬੀ ਦੀ ਲਿਖੀ ਪੁਸਤਕ ‘ਨਾਇਕ’ ਕਰਨਲ ਹਰਵੰਤ ਸਿੰਘ ਕਾਹਲੋਂ, ਦਲਜੀਤ ਸਿੰਘ ਬਿੱਟੂ, ਬੀਬੀ ਰਜਿੰਦਰ ਕੌਰ ਬੁਲਾਰਾ, ਸਾਬਕਾ ਚੇਅਰਮੈਨ ਸੰਤਾ ਸਿੰਘ ਉਮੈਦਪੁਰੀ ਆਦਿ ਨੇ ਲੋਕ ਅਰਪਣ ਕੀਤੀ। ਇਸ ਮੌਕੇ ਕਰਨਲ ਕਾਹਲੋਂ ਨੇ ਸਿੱਖ ਸੰਘਰਸ਼ ਦੌਰਾਨ ਵਾਪਰੀਆਂ ਘਟਨਾਵਾਂ ’ਤੇ ਰੌਸ਼ਨੀ ਪਾਉਂਦਿਆਂ ਸਵ. ਗਿੱਲ ਵੱਲੋਂ ਸੰਘਰਸ਼ ਵਿੱਚ ਨਿਭਾਈ ਭੂਮਿਕਾ ਬਾਰੇ ਦੱਸਿਆ। ਬਿੱਟੂ ਨੇ ਪੁਰਾਣੀਆਂ ਕੌੜੀਆਂ ਯਾਦਾਂ ਨੂੰ ਤਾਜ਼ਾ ਕਰਦਿਆਂ ਕਿਹਾ ਕਿ ਉਹ ਸਮਾਂ ਬਹੁਤ ਭਿਆਨਕ ਸੀ ਜਿਸ ਨੂੰ ਅਸੀਂ ਆਪਣੇ ਪਿੰਡੇ ’ਤੇ ਹੰਢਾਇਆ। ਉਨ੍ਹਾਂ ਬੇਬੀ ਹਰਲੇਪ ਕੌਰ ਦੀ ਸ਼ਲਾਘਾ ਵੀ ਕੀਤੀ। ਇਸ ਮੌਕੇ ਗੁਰਚਰਨ ਸਿੰਘ, ਗੁਰਦੇਵ ਸਿੰਘ, ਯਾਦਵਿੰਦਰ ਸਿੰਘ ਪੀਰਾਜਾਦਾ ਤੇ ਪਵਨਪ੍ਰੀਤ ਸਿੰਘ ਬੁਲਾਰਾ, ਸ਼ਿਵ ਲੁਧਿਆਣਾ, ਹਰਨੇਕ ਸਿੰਘ ਤੇ ਕੁਲਵੰਤ ਸਿੰਘ ਆਦਿ ਮੌਜੂਦ ਸਨ।