ਪਿੰਡ ਦੀ 416 ਕਿੱਲੇ ਜ਼ਮੀਨ ਮਤੇ ਦੇ ਉਲਟ ਗੈਰਕਾਨੂੰਨੀ ਢੰਗ ਨਾਲ ਵੇਚਣ ਦਾ ਦੋਸ਼; ਮੁੱਖ ਮੰਤਰੀ ਦੇ ਨਾਂ ਪੱਤਰ ਭੇਜ ਕੇ ਇੰਡਸਟਰੀ ਪਾਰਕ ਲਈ ਜ਼ਮੀਨ ਦੀ ਵਿਕਰੀ ਰੋਕਣ ਦੀ ਮੰਗ ਕੀਤੀ
ਖੇਤਰੀ ਪ੍ਰਤੀਨਿਧ
ਲੁਧਿਆਣਾ, 14 ਸਤੰਬਰ
ਮੱਤੇਵਾੜਾ ਨੇੜਲੇ ਪਿੰਡ ਸੇਖੋਵਾਲ ਵਾਸੀਆਂ ਨੇ ਅੱਜ ਮੁੱਖ ਮੰਤਰੀ ਦੇ ਨਾਂ ਭੇਜੇ ਇੱਕ ਮੰਗ ਪੱਤਰ ਰਾਹੀਂ 416 ਕਿੱਲੇ ਜ਼ਮੀਨ ’ਤੇ ਮਾਡਰਨ ਇੰਡਸਟਰੀ ਪਾਰਕ ਬਣਾਉਣ ਦੀ ਚੱਲ ਰਹੀ ਯੋਜਨਾ ਤਹਿਤ ਜ਼ਮੀਨ ਦੀ ਵਿਕਰੀ ਰੋਕਣ ਦੀ ਮੰਗ ਕੀਤੀ ਹੈ। ਲੁਧਿਆਣਾ ਕਚਿਹਰੀਆਂ ਪਹੁੰਚੇ ਪਿੰਡ ਸੇਖੋਵਾਲ ਦੇ ਲੋਕਾਂ ਨੇ ਕਿਹਾ ਕਿ ਪਿੰਡ ਦੀ 416 ਕਿੱਲੇ ਜ਼ਮੀਨ ਨੂੰ ਗਰਾਮ ਸਭਾ ਦੇ ਮਤੇ ਦੇ ਉਲਟ ਕਥਿਤ ਤੌਰ ’ਤੇ ਗੈਰਕਾਨੂੰਨੀ ਢੰਗ ਨਾਲ ਵੇਚਣ ਕਰਕੇ ਉਹ ਰਜਿਸਟਰੀ ਖਾਰਜ ਕਰਵਾਉਣ ਦੀ ਮੰਗ ਕਰ ਰਹੇ ਹਨ। ਇਸ ਜ਼ਮੀਨ ਦੀ ਵਿਕਰੀ ’ਤੇ ਰੋਕ ਲਗਾਉਣ ਲਈ ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਮੰਗ ਪੱਤਰ ਭੇਜਿਆ ਹੈ। ਉਨ੍ਹਾਂ ਦੱਸਿਆ ਕਿ ਉਕਤ ਜ਼ਮੀਨ ਦੀ ਰਜਿਸਟਰੀ ਖਾਰਜ ਕਰਨ ਅਤੇ ਕਾਸ਼ਤਕਾਰਾਂ ਤੋਂ ਜ਼ਮੀਨ ਖੋਹੇ ਜਾਣ ਤੋਂ ਰੋਕਣ ਲਈ ਅਦਾਲਤ ਵਿੱਚ ਕੇਸ ਦਾਇਰ ਕੀਤੇ ਹੋਏ ਹਨ। ਉਨ੍ਹਾਂ ਦੱਸਿਆ ਕਿ ਇਹ ਮਾਮਲਾ ਨਿਆਂਪਾਲਿਕਾ ਅਧੀਨ ਹੈ ਪਰ ਕੁਝ ਦਿਨ ਪਹਿਲਾਂ ਉਨ੍ਹਾਂ ਦੇ ਧਿਆਨ ਵਿੱਚ ਆਇਆ ਕਿ ਇਸ ਜਗ੍ਹਾ ’ਤੇ ਪਲਾਟ ਵੇਚਣ ਸਬੰਧੀ ਅਖਬਾਰਾਂ ਵਿੱਚ ਇਸ਼ਤਿਹਾਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਮਾਮਲਾ ਅਦਾਲਤ ਵਿੱਚ ਹੋਣ ਕਰਕੇ ਸਰਕਾਰੀ ਅਦਾਰਿਆਂ ਵੱਲੋਂ ਦਿੱਤੇ ਇਸ਼ਤਿਹਾਰਾਂ ਨੇ ਪਿੰਡ ਦੇ ਲੋਕਾਂ ਨੂੰ ਹੈਰਾਨ ਅਤੇ ਪ੍ਰੇਸ਼ਾਨ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜ਼ਮੀਨ ਨੂੰ ਅੱਗੇ ਵੇਚਣ ਦੀ ਕਾਹਲੀ ਵਿਵਾਦ ਨੂੰ ਹੋਰ ਉਲਝਾ ਦੇਵੇਗੀ। ਪਿੰਡ ਦੇ ਲੋਕਾਂ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਇੰਡਸਟਰੀ ਪਾਰਕ ਦੇ ਨਾਂ ਹੇਠ ਜ਼ਮੀਨ ਦੀ ਵਿਕਰੀ ’ਤੇ ਤੁਰੰਤ ਰੋਕ ਲਾਈ ਜਾਵੇ।
ਕੈਪਸ਼ਨ: ਮੁੱਖ ਮੰਤਰੀ ਨੂੰ ਭੇਜਿਆ ਮੰਗ ਪੱਤਰ ਦਿਖਾਉਂਦੇ ਹੋਏ ਪਿੰਡ ਸੇਖੋਵਾਲ ਵਾਸੀ।