ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 25 ਅਕਤੂਬਰ
ਰਾਮਗੜ੍ਹੀਆ ਗਰਲਜ਼ ਕਾਲਜ ਵਿੱਚ ਅੱਜ ਬਾਬਾ ਵਿਸ਼ਵਕਰਮਾ ਦਿਵਸ ਸਮਾਗਮ ਦੌਰਾਨ ਪੁਲੀਸ ਵੱਲੋਂ ਕਈ ਲੋਕਾਂ ਨੂੰ ਸ਼ੱਕ ਦੀ ਬਿਨਾਅ ’ਤੇ ਸਮਾਗਮ ਵਿੱਚੋਂ ਬਾਹਰ ਕੱਢ ਦਿੱਤਾ ਗਿਆ। ਇਸ ਸਬੰਧੀ ਬੁਲੰਦ ਫਾਊਂਡੇਸ਼ਨ ਪੰਜਾਬ ਦੇ ਸੰਸਥਾਪਕ ਪੀ ਕੇ ਐਸ ਭਾਰਦਵਾਜ (ਮੱਤੇਵਾੜਾ ਜੰਗਲ ਦੀ ਸੰਘਰਸ਼ ਸੰਸਥਾ ਦੇ ਪੀਏਸੀ ਮੈਂਬਰ) ਨੂੰ ਪੁਲੀਸ ਅਧਿਕਾਰੀਆਂ ਨੇ ਸੱਦਾ ਪੱਤਰ ਹੋਣ ਦੇ ਬਾਵਜੂਦ ਬਿਨਾਂ ਕੁੱਝ ਦੱਸਿਆਂ ਬਹਾਨੇ ਨਾਲ ਬਾਹਰ ਬੁਲਾ ਕੇ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਰੋਕ ਦਿੱਤਾ। ਸ੍ਰੀ ਭਾਰਦਵਾਜ ਨੇ ਦੱਸਿਆ ਕਿ ਉਹ ਰਾਮਗੜ੍ਹੀਆ ਗਰਲਜ਼ ਕਾਲਜ ਦੇ ਪ੍ਰਧਾਨ ਰਣਜੋਧ ਸਿੰਘ ਵੱਲੋਂ ਮਿਲੇ ਸੱਦਾ ਪੱਤਰ ਮੁਤਾਬਿਕ ਸਾਥੀਆਂ ਸਮੇਤ ਵਿੱਚ ਹਾਜ਼ਰ ਹੋਏ ਸਨ। ਸੱਦਾ ਪੱਤਰ ਵੇਖਣ ਤੋਂ ਬਾਅਦ ਉਨ੍ਹਾਂ ਦੀ ਪੂਰੀ ਤਲਾਸ਼ੀ ਲਈ ਗਈ ਅਤੇ ਉਹ ਹਾਲ ਅੰਦਰ ਜਾ ਕੇ ਬੈਠ ਗਏ। ਥੋੜ੍ਹੀ ਦੇਰ ਬਾਅਦ ਥਾਣਾ ਸਾਹਨੇਵਾਲ ਦੇ ਇੰਸਪੈਕਟਰ ਕੁਲਵੰਤ ਸਿੰਘ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਨੇ ਉਨ੍ਹਾਂ ਨੂੰ ਬਾਹਰ ਲੈ ਆਂਦਾ। ਉਨ੍ਹਾਂ ਨੇ ਸਾਰਾ ਮਾਮਲਾ ਰਣਜੋਧ ਸਿੰਘ ਪ੍ਰਧਾਨ ਨੂੰ ਮੋਬਾਈਲ ਫੋਨ ’ਤੇ ਦੱਸਿਆ ਅਤੇ ਸਮਾਗਮ ਵਿੱਚੋਂ ਬਾਹਰ ਆ ਗਏ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਸਾਰਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਹੈ। ਉਨ੍ਹਾਂ ਦੱਸਿਆ ਕਿ ਉਹ ਭਵਿੱਖ ਵਿੱਚ ਹੋਣ ਵਾਲੇ ਕਿਸੇ ਵੀ ਸਰਕਾਰੀ ਸਮਾਗਮ ਵਿੱਚ ਸ਼ਾਮਲ ਨਹੀਂ ਹੋਣਗੇ।