ਪੱਤਰ ਪ੍ਰੇਰਕ
ਸਮਰਾਲਾ, 30 ਸਤੰਬਰ
ਐੱਮ ਏ ਐੱਮ ਪਬਲਿਕ ਸਕੂਲ ਵਿੱਚ ਬਰਤਾਨੀਆ ਦੇ ਪ੍ਰਸਿੱਧ ਵਿਦਵਾਨ ਮੈਕਸ ਆਰਥਰ ਮੈਕਾਲਿਫ ਦੇ 185ਵੇਂ ਜਨਮ ਦਿਨ ਮੌਕੇ ਉਨ੍ਹਾਂ ਦੀ ਯਾਦ ਵਿੱਚ ਇੱਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਨੈਸ਼ਨਲ ਐਵਾਰਡੀ ਰਣਜੀਤ ਸਿੰਘ, ਕਰਮਜੀਤ ਸਿੰਘ, ਡਾ. ਪਰਮਿੰਦਰ ਸਿੰਘ ਬੈਨੀਪਾਲ ਅਤੇ ਪ੍ਰਧਾਨ ਅਨਿਲ ਵਰਮਾ ਨੇ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਬੱਚਿਆਂ ਵੱਲੋਂ ਸ਼ਬਦ ਗਾ ਕੇ ਕੀਤੀ ਗਈ ਜਿਸ ਤੋਂ ਬਾਅਦ ਲੈਂਪ ਲਾਈਟ ਚਲਾ ਕੇ ਮੈਕਸ ਆਰਥਿਰ ਮੈਕਾਲਿਫ ਦੀ ਯਾਦ ਨੂੰ ਤਾਜ਼ਾ ਕੀਤਾ ਗਿਆ। ਇਸ ਦੌਰਾਨ ਪ੍ਰਿੰਸੀਪਲ ਮੋਨਿਕਾ ਮਲਹੋਤਰਾ ਨੇ ਮੁੱਖ ਮਹਿਮਾਨਾਂ ਦਾ ਸਵਾਗਤ ਕੀਤਾ।
ਇਸ ਮੌਕੇ ਮੁੱਖ ਮਹਿਮਾਨ ਰਣਜੀਤ ਸਿੰਘ ਨੇ ਮਿਸਟਰ ਮੈਕਾਲਿਫ ਦੇ ਜੀਵਨ, ਉਨ੍ਹਾਂ ਦੇ ਪੰਜਾਬੀ ਸਾਹਿਤ ਲਈ ਯੋਗਦਾਨ ਬਾਰੇ ਦੱਸਿਆ। ਉਨ੍ਹਾਂ ਦੱਸਿਆ ਕਿ ਸ੍ਰੀ ਮੈਕਾਲਿਫ ਨੇ ਸਿੱਖਾਂ ਦੇ ਧਾਰਮਿਕ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਨੁਵਾਦ ਅੰਗਰੇਜ਼ੀ ਵਿੱਚ ਕੀਤਾ ਅਤੇ ਉਨ੍ਹਾਂ ਸਿੱਖ ਧਰਮ ਦੀਆਂ ਸਿੱਖਿਆਵਾਂ ਤੋਂ ਪ੍ਰਭਾਵਿਤ ਹੋ ਕੇ ਸਿੱਖ ਧਰਮ ਅਪਨਾਇਆ। ਕਰਮਜੀਤ ਸਿੰਘ ਨੇ ਮੈਕਾਲਿਫ ਦੇ ਜੀਵਨ ਬਾਰੇ ਵਿਚਾਰ ਸਾਂਝੇ ਕੀਤੇ। ਡਾ. ਪਰਮਿੰਦਰ ਸਿੰਘ ਬੈਨੀਪਾਲ ਨੇ ਮਿਸਟਰ ਮੈਕਾਲਿਫ ਨੂੰ ਵਿਲੱਖਣ ਸਖਸ਼ੀਅਤ ਤੇ ਤਿਆਗੀ ਕਹਿ ਕੇ ਸੰਬੋਧਿਤ ਕੀਤਾ।
ਇਸ ਦੌਰਾਨ ਵਿਦਿਆਰਥੀਆਂ ਦੇ ਸਲੋਗਨ, ਭਾਸ਼ਣ, ਅਖ਼ਬਾਰ ਪੜ੍ਹਨ, ਸੁੰਦਰ ਲਿਖਾਈ ਅਤੇ ਕੁਇੱਜ਼ ਮੁਕਾਬਲੇ ਕਰਵਾਏ ਗਏ ਅਤੇ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਮੈਨੇਜਰ ਰਮਨਦੀਪ ਸਿੰਘ, ਗੁਰਪ੍ਰੀਤ ਸਿੰਘ ਘਲੋਟੀ, ਸੁਪਰਵਾਈਜ਼ਰ ਜਸਵਿੰਦਰ ਕੌਰ ਸਿੱਧੂ, ਕੋ-ਆਰਡੀਨੇਟਰ ਜਸਦੀਪ ਕੌਰ, ਸ਼ਰਨਜੀਤ ਕੌਰ, ਅਮਨਦੀਪ ਕੌਰ, ਅੰਜਨਾ ਕਪਿਲ ਅਤੇ ਕਿਰਨਪ੍ਰੀਤ ਕੌਰ ਮੌਜੂਦ ਸਨ।