ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 7 ਫਰਵਰੀ
ਸਕਰੈਪ ਟ੍ਰੇਡਰਜ਼ ਐਸੋਸੀਏਸ਼ਨ ਲੁਧਿਆਣਾ ਨੇ ਅਧਿਕਾਰੀਆਂ ਵੱਲੋਂ ਵਪਾਰੀਆਂ ਨੂੰ ਰੋਡ ਸਾਈਡ ਚੈਕਿੰਗ ਦੌਰਾਨ ਟੈਕਸ ਸਬੰਧੀ ਤੰਗ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਇਆ ਹੈ। ਵਪਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਸਬੰਧੀ ਹੋਈ ਮੀਟਿੰਗ ਦੌਰਾਨ ਐਡਵੋਕੇਟ ਜੀਐਸ ਬੇਦੀ ਨੇ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਰੋਡ ਸਾਈਡ ਚੈਕਿੰਗ ਦੌਰਾਨ ਟੈਕਸ ਸਬੰਧੀ ਆ ਰਹੀਆਂ ਸਮੱਸਿਆਵਾਂ, ਦਿੱਤੇ ਗਏ ਨੋਟਿਸਾਂ, 72-72 ਫ਼ੀਸਦੀ ਵਸੂਲੇ ਜਾ ਰਹੇ ਜੁਰਮਾਨੇ, ਪੰਜਾਬ ਹਾਈ ਕੋਰਟ ਦੀ ਜੱਜਮੈਂਟ ਅਤੇ ਹੋਰ ਸਬੰਧਤ ਪ੍ਰੇਸ਼ਾਨੀਆਂ ਨੂੰ ਵਿਸਥਾਰ ਵਿੱਚ ਸੁਣਿਆ।
ਇਸ ਮਗਰੋਂ ਐਡਵੋਕੇਟ ਬੇਦੀ ਨੇ ਕਿਹਾ ਕਿ ਜੀਐੱਸਟੀ ਐਕਟ ਅਧੀਨ ਜੋ ਮਦਾਂ ਕਹਿ ਰਹੀਆਂ ਸਨ ਉਨ੍ਹਾਂ ਦੇ ਮੁਤਾਬਿਕ ਇਨ੍ਹਾਂ ਤੋਂ ਟੈਕਸ ਵਸੂਲਿਆਂ ਜਾਣਾ, ਪੈਨਲਟੀ ਲੱਗਣੀ, ਜਿਨ੍ਹਾਂ ਕੋਲ ਈਵੇਅ ਬਿੱਲ ਅਤੇ ਜੀਆਰ ਹੈ, ਨੂੰ 72-72 ਫ਼ੀਸਦੀ ਜੁਰਮਾਨੇ ਵਸੂਲੇ ਜਾ ਰਹੇ ਹਨ। ਇਨ੍ਹਾਂ ਸਣੇ ਹੋਰ ਸਮੱਸਿਆਵਾਂ ਨੂੰ ਸਮਝਣ ਅਤੇ ਸਰਲ ਤਰੀਕੇ ਨਾਲ ਹੱਲ ਕਰਨ ਸਬੰਧੀ ਵਿਸਥਾਰਤ ਵਿਚਾਰ ਚਰਚਾ ਕੀਤੀ ਗਈ। ਐਸੋਸੀਏਸ਼ਨ ਦੇ ਪ੍ਰਧਾਨ ਜਰਨੈਲ ਸਿੰਘ ਖੇੜਾ ਨੇ ਕਿਹਾ ਕਿ ਸਬੰਧਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਰੋਡ ਸਾਈਡ ਚੈਕਿੰਗ ਦੌਰਾਨ ਵਪਾਰੀਆਂ ਨੂੰ ਸਿੱਧੇ-ਟੇਡੇ ਢੰਗ ਨਾਲ ਪ੍ਰੇਸ਼ਾਨ ਕਰ ਕੇ ਮੋਟੇ ਜੁਰਮਾਨੇ ਵਸੂਲਣ ਦੇ ਡਰਾਵੇ ਦਿੱਤੇ ਜਾਂਦੇ ਹਨ। ਇਸ ਕਰ ਕੇ ਵਪਾਰੀ ਵਰਗ ਪ੍ਰੇਸ਼ਾਨ ਹੋ ਰਿਹਾ ਹੈ।