ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 6 ਫਰਵਰੀ
ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਹਲਕਾ ਆਤਮ ਨਗਰ ਤੋਂ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਹੈ ਕਿ ਲੋਕ ਇਨਸਾਫ਼ ਪਾਰਟੀ ਦੀ ਸਰਕਾਰ ਬਣਦੇ ਸਾਰ ਹੀ ਵਿਧਾਨ ਸਭਾ ਹਲਕਾ ਆਤਮ ਨਗਰ ਨੂੰ ਇਕ ਨਮੂਨੇ ਦਾ ਹਲਕਾ ਬਣਾਉਣ ਦੇ ਨਾਲ ਪੰਜਾਬ ਦੇ ਸਾਰੇ ਵਿਧਾਨ ਸਭਾ ਹਲਕਿਆਂ ਵਿੱਚ ਹਰ ਸਹੂਲਤ ਮੁਹੱਈਆ ਕਰਵਾਈ ਜਾਵੇਗੀ।
ਦੁੱਗਰੀ ਹਲਕੇ ਵਿਚ ਹਲਕਾ ਆਤਮ ਨਗਰ ਦੇ ਪ੍ਰਧਾਨ ਹਰਪਾਲ ਸਿੰਘ ਕੋਹਲੀ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਇਲਾਕਾ ਵਾਸੀਆਂ ਨੇ ਭਰੋਸਾ ਦਿੱਤਾ ਕਿ ਦੁੱਗਰੀ ਹਲਕੇ ਦਾ ਹਰ ਵਾਸੀ ਉਨ੍ਹਾਂ ਨੂੰ ਜਿਤਾਉਣ ਲਈ ਪੱਬਾਂ ਭਾਰ ਹੋਇਆ ਚੋਣ ਪ੍ਰਚਾਰ ਵਿਚ ਜੁਟਿਆ ਹੋਇਆ ਹੈ। ਵਿਧਾਇਕ ਬੈਂਸ ਨੇ ਕਿਹਾ ਕਿ ਅੱਜ ਬੇਸ਼ੱਕ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਦੂਰ ਦੁਰਾਡੇ ਇਲਾਕਿਆਂ ਵਿੱਚ ਜਾਣਾ ਪੈਂਦਾ ਹੈ ਅਤੇ ਲੋਕ ਖੱਜਲ ਖੁਆਰ ਹੋ ਕੇ ਥੱਕ ਹਾਰ ਕੇ ਆਪਣੇ ਘਰ ਬੈਠ ਜਾਂਦੇ ਹਨ ਪਰ ਲੋਕ ਇਨਸਾਫ਼ ਪਾਰਟੀ ਦੀ ਸਰਕਾਰ ਆਉਂਦੇ ਸਾਰ ਹੀ ਹਰ ਵਾਸੀ ਲਈ ਸਾਂਝ ਕੇਂਦਰ, ਸੁਵਿਧਾ ਕੇਂਦਰ ਉਨ੍ਹਾਂ ਦੇ ਘਰ ਦੇ ਨੇੜੇ ਖੋਲੇ ਜਾਣਗੇ।