ਖੇਤਰੀ ਪ੍ਰਤੀਨਿਧ
ਲੁਧਿਆਣਾ, 18 ਦਸੰਬਰ
ਗੁਜਰਾਂਵਾਲਾ ਗੁਰੂ ਨਾਨਕ ਖਾਸਲਾ ਕਾਲਜ ਵਿੱਚ ਪਰਵਾਸੀ ਸਾਹਿਤ ਅਧਿਐਨ ਕੇਂਦਰ ਵੱਲੋਂ ਕੈਨੇਡਾ, ਯੂਕੇ ਤੇ ਇਟਲੀ ਤੋਂ ਆਏ ਪਰਵਾਸੀ ਲੇਖਕਾਂ ਨਾਲ ਮਿਲਣੀ ਤੇ ਬਿੰਦ ਦਲਵੀਰ ਕੌਰ ਕੈਨੇਡਾ ਦੇ ਗ਼ਜ਼ਲ ਸੰਗ੍ਰਹਿ ‘ਹਰਫ ਇਲਾਹੀ’ ਦਾ ਲੋਕ ਅਰਪਣ ਸਮਾਗਮ ਕਰਵਾਇਆ ਗਿਆ। ਪ੍ਰੋਗਰਾਮ ਦੀ ਪ੍ਰਧਾਨਗੀ ਡਾ. ਦਲਬੀਰ ਸਿੰਘ ਕਥੂਰੀਆ ਨੇ ਕੀਤੀ ਜਦੋਂਕਿ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਕਾਲਜ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਨੇ ਸਾਰਿਆਂ ਨੂੰ ਨਿੱਘੀ ਜੀ ਆਇਆਂ ਆਖੀ। ਕਾਲਜ ਕੌਂਸਲ ਦੇ ਪ੍ਰਧਾਨ ਡਾ. ਐਸਪੀ ਸਿੰਘ ਨੇ ਕਿਹਾ ਕਿ ਕੈਨੇਡਾ ਵਿੱਚ ਡਾ. ਦਲਬੀਰ ਸਿੰਘ ਕਥੂਰੀਆ ਵੱਲੋਂ ਵਿਸ਼ਵ ਪੰਜਾਬੀ ਸਭਾ ਦਾ ਗਠਨ ਪੰਜਾਬ, ਪੰਜਾਬੀ ਤੇ ਪੰਜਾਬੀਅਤ ਲਈ ਸ਼ੁਭ ਸੰਕੇਤ ਹੈ। ਡਾ. ਕਥੂਰੀਆ ਨੇ ਕਿਹਾ ਕਿ ਵਿਸ਼ਵ ਪੰਜਾਬੀ ਸਭਾ ਦੀ ਸਥਾਪਤੀ ਦਾ ਮਨੋਰਥ ਤੇ ਸਰਗਰਮੀਆਂ ਸਾਂਝੀਆਂ ਕੀਤੀਆਂ।
ਪ੍ਰੋ. ਗਿੱਲ ਨੇ ਕਿਹਾ ਕਿ ਵਿਦੇਸ਼ਾਂ ’ਚ ਵੱਸਦੇ ਲੇਖਕ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਅਸਲ ਰਾਜਦੂਤ ਹਨ। ਉਨ੍ਹਾਂ ਇਸ ਮੌਕੇ ਵਿਸ਼ਵ ਭਰ ਵਿੱਚ ਸਰਗਰਮ ਪੰਜਾਬੀ ਦੀਆਂ ਸਾਹਿਤਕ ਸਭਾਵਾਂ ਦੀ ਕਾਰਜਸ਼ੈਲੀ ਵੀ ਸਾਂਝੀ ਕੀਤੀ। ਸਮਾਗਮ ਵਿੱਚ ਦਲਵੀਰ ਕੌਰ ਦੀ ਪੁਸਤਕ ‘ਹਰਫ ਇਲਾਹੀ’ ਲੋਕ ਅਰਪਣ ਕੀਤੀ ਗਈ। ਪ੍ਰੋ. ਸ਼ਰਨਜੀਤ ਕੌਰ ਨੇ ਬਿੰਦੂ ਦਲਵੀਰ ਕੌਰ ਦੀ ਜਾਣ ਪਛਾਣ ਸਰੋਤਿਆਂ ਨਾਲ ਕਰਵਾਈ। ਡਾ. ਗੁਰਇਕਬਾਲ ਸਿੰਘ ਨੇ ਗਜ਼ਲ ਸੰਗ੍ਰਹਿ ਬਾਰੇ ਕਿਹਾ ਕਿ ਇਨ੍ਹਾਂ ਵਿੱਚੋਂ ਕਈ ਗਜ਼ਲਾਂ ਕੁਦਰਤ ਦੀ ਗਲਵੱਕੜੀ ਵਿੱਚੋਂ ਉਪਜੀਆਂ ਹਨ। ਚਮਕੌਰ ਸਿੰਘ, ਇਟਲੀ ਤੋਂ ਆਏ ਲੇਖਕ ਦਲਜਿੰਦਰ ਰਹਿਲ, ਤਾਰਾ ਸਿੰਘ ਆਲਮ ਨੇ ਯੂਕੇ ਨੇ ਕਿਹਾ ਕਿ ਅਜਿਹੇ ਸਾਹਿਤਕ ਪ੍ਰੋਗਰਾਮ ਪਰਵਾਸੀ ਲੇਖਕਾਂ ਨੂੰ ਉਤਸ਼ਾਹਿਤ ਕਰਨ ਲਈ ਜ਼ਰੂਰੀ ਹਨ। ਸਮਾਗਮ ਵਿੱਚ ਕੁਲਵਿੰਦਰ ਸਿੰਘ ਪਾਲ, ਚਮਕੌਰ ਸਿੰਘ ਸੇਖੋਂ, ਪ੍ਰੋ. ਰਵਿੰਦਰ ਸਿੰਘ ਭੱਠਲ, ਤਰਲੋਚਨ ਲੋਚੀ ਆਦਿ ਵੀ ਹਾਜ਼ਰ ਸਨ।