ਖੇਤਰੀ ਪ੍ਰਤੀਨਿਧ
ਲੁਧਿਆਣਾ, 8 ਮਾਰਚ
ਜ਼ਿਲ੍ਹੇ ਦੇ ਸੇਵਾਮੁਕਤ ਅਧਿਆਪਕ ਤੇ ਮੁਲਾਜ਼ਮ ਆਗੂਆਂ ਦੀ ਮੀਟਿੰਗ ’ਚ ਵੱਡੀ ਗਿਣਤੀ ਵਿੱਚ ਡੈਮੋਕ੍ਰੇਟਿਕ ਟੀਚਰ ਫਰੰਟ ਦੇ ਸਾਬਕਾ ਆਗੂ ਵੀ ਸ਼ਾਮਲ ਹੋਏ। ਸਥਾਨਕ ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਵਿਚ ਇਹ ਸੰਮੇਲਨ ਜਥੇਬੰਦੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਭਜਨ ਸਿੰਘ ਕੈਨੇਡਾ, ਜੋਗਿੰਦਰ ਆਜ਼ਾਦ, ਮਲਕੀਤ ਸਿੰਘ ਅਤੇ ਚਰਨ ਸਿੰਘ ਨੂਰਪੁਰਾ ਦੀਆਂ ਕੋਸ਼ਿਸ਼ਾਂ ਸਦਕਾ ਹੋਇਆ। ਇਸ ਦੌਰਾਨ ਆਗੂਆਂ ਨੇ ਰੂਸ-ਯੂਕਰੇਨ ਜੰਗ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਯੁੱਧ ਨਾਲ ਨਾ ਸਿਰਫ਼ ਇਨ੍ਹਾਂ ਦੋਵਾਂ ਮੁਲਕਾਂ ਦੇ ਲੋਕਾਂ ਨੂੰ ਭਾਰੀ ਨੁਕਸਾਨ ਹੋਵੇਗਾ ਸਗੋਂ ਇਸ ਦਾ ਅਸਰ ਮਹਿੰਗਾਈ ਦੇ ਰੂਪ ਵਿਚ ਪੂਰੇ ਵਿਸ਼ਵ ’ਤੇ ਪਵੇਗਾ।
ਸਮਾਗਮ ਵਿੱਚ ਆਗੂਆਂ ਨੇ ਆਪਣੀ ਸੇਵਾ ਦੌਰਾਨ ਨਿਭਾਏ ਅਧਿਆਪਕ ਪੱਖੀ ਕੰਮਾਂ ਵਿੱਚੋਂ ਕੁੱਝ ਵਿਸ਼ੇਸ਼ ਕੀਤੇ ਯਤਨਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਅਫ਼ਸਰਸ਼ਾਹੀ ਵੱਲੋਂ ਕੀਤੇ ਜਾਂਦੇ ਧੱਕੇ ਦਾ ਉਹ ਕਿਵੇਂ ਸਾਹਮਣਾ ਕਰਦੇ ਰਹੇ, ਬਾਰੇ ਵੀ ਚਰਚਾ ਕੀਤੀ। ਸੇਵਾਮੁਕਤੀ ਤੋਂ ਬਾਅਦ ਵੀ ਆਗੂਆਂ ਨੇ ਜਥੇਬੰਦੀਆਂ ਵਿੱਚੋਂ ਸਿੱਖੇ ਅਸੂਲ ਆਪਣੀ ਜ਼ਿੰਦਗੀ ਵਿੱਚ ਲਾਗੂ ਰੱਖਣ ਦਾ ਪ੍ਰਣ ਲਿਆ।