ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 20 ਜੂਨ
ਸ਼ਹੀਦ ਸੁਖਦੇਵ ਥਾਪਰ ਦੇ ਜੱਦੀ ਘਰ ਨੂੰ ਸਿੱਧਾ ਰਸਤਾ ਦੇਣ ਦੇ ਮਾਮਲੇ ਵਿੱਚ ਹਾਈਕੋਰਟ ਤੋਂ ਮਿਲੀ ਰਾਹਤ ਤੋਂ ਬਾਅਦ ਅੱਜ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਅਫ਼ਸਰਾਂ ਤੇ ਟਰਸੱਟ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਨੇ ਅਫ਼ਸਰਾਂ ਨੂੰ ਜਲਦ ਤੋਂ ਜਲਦ ਇਸ ਕੰਮ ਨੂੰ ਨੇਪਰੇ ਚਾੜ੍ਹਣ ਦੀ ਅਪੀਲ ਕੀਤੀ। ਸਿੱਧਾ ਰਸਤਾ ਲਈ ਜੋ ਥਾਂ ਐਕੁਆਇਰ ਕਰਨੀ ਹੈ, ਉਸਦੀ ਸਥਾਨਕ ਸਰਕਾਰਾਂ ਤੋਂ ਪ੍ਰਵਾਨਗੀ ਦੇ ਲਈ ਫਾਈਲ ਨੂੰ ਭੇਜਿਆ ਗਿਆ। ਸ਼ਹੀਦ ਸੁਖਦੇਵ ਥਾਪਰ ਮੈਮੋਰੀਅਲ ਟਰੱਸਟ ਦੇ ਪ੍ਰਧਾਨ ਅਸ਼ੋਕ ਥਾਪਰ ਨੇ ਦੱਸਿਆ ਕਿ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਹੈ ਕਿ ਜਲਦ ਤੋਂ ਜਲਦ ਸ਼ਹੀਦ ਥਾਪਰ ਦੇ ਜੱਦੀ ਘਰ ਨੂੰ ਚੌੜਾ ਬਾਜ਼ਾਰ ਤੋਂ ਸਿੱਧਾ ਰਸਤਾ ਦਿਵਾਉਣ ਲਈ ਜੋ ਜੋ ਕੰਮ ਪੈਂਡਿੰਗ ਹਨ, ਉਹ ਪੂਰੇ ਕੀਤੇ ਜਾਣ। ਉਨ੍ਹਾਂ ਦੱਸਿਆ ਕਿ ਇਸ ਕੰਮ ਲਈ ਜੋ ਅੜਿੱਕੇ ਸਨ, ਉਹ ਹੁਣ ਅਦਾਲਤ ਵੱਲੋਂ ਖਾਰਜ ਕਰ ਦਿੱਤੇ ਗਏ ਹਨ। ਉਨ੍ਹਾਂ ਨੇ ਮੀਟਿੰਗ ਤੋਂ ਬਾਅਦ ਲੁਧਿਆਣਾ ’ਚ ਸ਼ਾਂਤੀਪੂਰਵਕ ਤਰੀਕੇ ਨਾਲ ਵੋਟਾਂ ਕਰਵਾਉਣ ਲਈ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੂੰ ਸਨਮਾਨਿਤ ਕੀਤਾ। ਥਾਪਰ ਨੇ ਦੱਸਿਆ ਕਿ ਡੀਸੀ ਨੇ ਜ਼ਿੰਮੇਵਾਰੀ ਨਾਲ ਆਪਣਾ ਫਰਜ਼ ਅਦਾ ਕਰਦੇ ਹੋਏ ਚੋਣਾਂ ਸ਼ਾਂਤੀਪੂਰਵਕ ਕਰਵਾਈਆਂ ਹਨ।