ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 17 ਜਨਵਰੀ
ਸੰਯੁਕਤ ਕਿਸਾਨ ਮੋਰਚਾ ਦੀਆਂ ਅਹਿਮ ਸੇਧਾਂ ਤੇ ਦਿਸ਼ਾ ਨਿਰਦੇਸ਼ਾਂ ਦੀ ਰੌਸ਼ਨੀ ’ਚ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਇਲਾਕੇ ਦੇ ਪਿੰਡਾਂ ’ਚ ਧੰਨਵਾਦ ਤੇ ਚੋਣ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਇਹ ਪ੍ਰੋਗਰਾਮ ਪੰਜਾਬ ਦੀਆਂ ਸੱਤ ਕਿਸਾਨ ਜਥੇਬੰਦੀਆਂ ਦੇ ਫ਼ੈਸਲਿਆਂ ’ਤੇ ਹਦਾਇਤਾਂ ਮੁਤਾਬਕ ਉਲੀਕਿਆ ਗਿਆ ਹੈ। ਚੌਕੀਮਾਨ ਨੇੜਲੇ ਪਿੰਡਾਂ ’ਚ ਕਿਸਾਨਾਂ, ਮਜ਼ਦੂਰਾਂ ਤੇ ਨੌਜਵਾਨਾਂ ਦਾ ਭਰਵਾਂ ਇਕੱਠ ਕੀਤਾ ਗਿਆ। ਇਕੱਠ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਆਗੂਆਂ ਰਣਜੀਤ ਸਿੰਘ ਗੁੜੇ, ਜਸਦੇਵ ਸਿੰਘ ਲਲਤੋਂ, ਜਗਮੋਹਣ ਸਿੰਘ ਸਵੱਦੀ ਨੇ ਇਲਾਕੇ ਦੇ ਇਨ੍ਹਾਂ ਪਿੰਡਾਂ ਦੇ ਜੁਝਾਰੂ ਲੋਕਾਂ ਵੱਲੋਂ ਦਿੱਲੀ ਮੋਰਚਾ, ਚੌਕੀਮਾਨ ਟੌਲ ਮੋਰਚਾ ਅਤੇ ਲੰਗਰਾਂ ਸਬੰਧੀ ਪਾਏ ਯੋਗਦਾਨ ਕਰਕੇ ਤਹਿ ਦਿਲੋਂ ਧੰਨਵਾਦ ਕੀਤਾ। ਇਸੇ ਤਰ੍ਹਾਂ ਪਿੰਡ ਖੰਜਰਵਾਲ ਦੇ ਭਾਈ ਨਿਰਭੈ ਸਿੰਘ ਦੀ ਸ਼ਹਾਦਤ ਰੂਪੀ ਅਹਿਮ ਕੁੁਰਬਾਨੀ ਬਦਲੇ ਸਮੁੱਚੇ ਨਗਰ ਨਿਵਾਸੀਆਂ ਦਾ ਧੰਨਵਾਦ ਕਰਦਿਆਂ ਵਰਨਣ ਕੀਤਾ ਕਿ ਸ਼ਹੀਦ ਦੇ ਪਰਿਵਾਰ ਦੀ ਦੇਣ ਨੂੰ ਕਦੇ ਵੀ ਭੁਲਾਇਆ ਨਹੀਂ ਜਾਵੇਗਾ। ਚੋਣਾਂ ਸਬੰਧੀ ਆਗੂਆਂ ਨੇ ਆਖਿਆ ਕਿ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਆਗੂ ਤੇ ਵਰਕਰ ਦਿੱਲੀ ਮੋਰਚੇ ਅਤੇ ਪੰਜਾਬ ਦੀਆਂ ਸੱਤ ਕਿਸਾਨ ਜੱਥੇਬੰਦੀਆਂ ਦੀਆਂ ਸੇਧਾਂ ਅਨੁਸਾਰ ਇਨ੍ਹਾਂ ਚੋਣਾਂ ’ਚ ਨਾ ਤਾਂ ਆਪ ਹਿੱਸਾ ਲੈਣਗੇ ਤੇ ਨਾ ਹੀ ਕਿਸੇ ਸਿਆਸੀ ਪਾਰਟੀ ਦੀ ਹਮਾਇਤ ਕਰਨਗੇ। ਆਗੂਆਂ ਨੇ ਆਮ ਜਨਤਾ ਨੂੰ ਨਸ਼ਿਆਂ ਜਾਂ ਪੈਸਿਆਂ ਦੇ ਲੋਭ ਲਾਲਚ ਅਤੇ ਗੁੰਮਰਾਹਕੁਨ ਸਬਜ਼ਬਾਗਾਂ ਤੋਂ ਉੱਪਰ ਉੱਠ ਕੇ, ਜਿਊਂਦੀ ਜਾਗਦੀ ਜ਼ਮੀਰ ਵਾਲੇ ਅਣਖੀ ਪੰਜਾਬੀਆਂ ਵਜੋਂ ਵਿਚਰਨ ਦੀ ਭਾਵਪੂਰਤ ਅਪੀਲ ਕੀਤੀ ਹੈ ਅਤੇ ਕਿਸਾਨ ਅੰਦੋਲਨ ਦੌਰਾਨ ਉੁਸਰੀ ਜਥੇਬੰਦਕ ਏਕਤਾ ਤੇ ਭਾਈਚਾਰਕ ਸਦਭਾਵਨਾ ਨੂੰ ਬਣਾਈ ਰੱਖਣ ਦੀ ਬੇਨਤੀ ਵੀ ਕੀਤੀ। ਕਾਮਾਗਾਟਾਮਾਰੂ ਯਾਦਗਾਰ ਕਮੇਟੀ ਦੇ ਆਗੂ ਜਸਦੇਵ ਸਿੰਘ ਲਲਤੋਂ ਨੇ ਦੱਸਿਆ ਕਿ ਖੰਜਰਵਾਲ ਇਕਾਈ ਦੀ 11 ਮੈਂਬਰੀ ਕਾਰਜਕਾਰੀ ਕਮੇਟੀ ਦੀ ਚੋਣ ਕੀਤੀ ਗਈ। ਇਸੇ ਤਰ੍ਹਾਂ ਇਲਾਕੇ ਦੇ ਪਿੰਡ ਵਿਰਕ ਵਿਖੇ ਕਿਸਾਨਾਂ ਮਜ਼ਦੂਰਾਂ ਤੇ ਨੌਜਵਾਨਾਂ ਦੀ ਵਿਸ਼ਾਲ ਇਕੱਤਰਤਾ ਹੋਈ ਜਿਸ ਨੂੰ ਉਪਰੋਕਤ ਆਗੂਆਂ ਨੇ ਸੰਬੋਧਨ ਕੀਤਾ।