ਪੱਤਰ ਪ੍ਰੇਰਕ
ਜਗਰਾਉਂ, 14 ਸਤੰਬਰ
ਮਹਿਫ਼ਲ-ਏ-ਅਦੀਬ ਦੀ ਮਹੀਨਾਵਾਰ ਇਕੱਤਰਤਾ ਸੰਸਥਾ ਦੇ ਪ੍ਰਧਾਨ ਡਾ. ਬਲਦੇਵ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਸ਼ੁਰੂ ਵਿੱਚ ਪ੍ਰਧਾਨ ਡਾ.ਬਲਦੇਵ ਸਿੰਘ ਨੇ ਹਾਜ਼ਰ ਅਦੀਬਾਂ ਨਾਲ ਸਾਰਾਗੜ੍ਹੀ ਦੇ ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਕੀਤਾ। ਸਭਾ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਉਣ ਉਪਰੰਤ ਜਨਰਲ ਸਕੱਤਰ ਜਸਵਿੰਦਰ ਸਿੰਘ ਛਿੰਦਾ ਨੇ ਰਚਨਾਵਾਂ ਦਾ ਦੌਰ ਸ਼ੁਰੂ ਕਰਵਾਇਆ। ਮਨੀ ਹਠੂਰ ਨੇ ਆਪਣਾ ਲਿਖਿਆ ਗੀਤ ‘ਤੇਰਿਆਂ ਰੰਗਾਂ ਦੇ ਦਾਤਾ ਰੰਗ ਨਿਆਰੇ’, ਕਾਨਤਾ ਦੇਵੀ ਨੇ ‘ਕੀ ਜਿਊਣਾ ਪੁੱਤਾਂ ਦਾ ਜੋ ਨਾ ਅੰਤ ਸਮੇਂ ਸਵੀਕਾਰੇ’, ਰਾਜ ਰੂਮੀ ਨੇ ‘ਢਹਿ-ਢੇਰੀ ਫਿਰ ਹੋਏ ਚਿੱਤ ਨੂੰ ਰੱਬਾ ਵੇ ਦਲੇਰੀ ਦੇਈਂ’, ਰਾਜਿੰਦਰਪਾਲ ਮਹਿਤਾ ਨੇ ‘ਨਾ ਚਿੜੀਓ ਹੁਣ ਮੁੱੜ ਕੇ ਆਇਓ’, ਕੈਪਟਨ ਪੂਰਨ ਸਿੰਘ ਗਗੜਾ ਨੇ ‘ਬੇਰੁਜ਼ਗਾਰ ਨੇ ਮੁੰਡੇ-ਕੁੜੀਆਂ’, ਮਾਸਟਰ ਮਹਿੰਦਰ ਸਿੰਘ ਸਿੱਧੂ ਨੇ ਸਾਰਾਗੜ੍ਹੀ ਦੇ ਸ਼ਹੀਦਾਂ ਅਤੇ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਸਰਮਪਿਤ ਦੋ ਰਚਨਾਵਾਂ ‘ਜੰਙ ਨਾਨਕ ਦੀ ਢੁੱਕੀ ਬਟਾਲੇ ਅੰਦਰ, ਰਛਪਾਲ ਸਿੰਘ ਚਕਰ ਨੇ ‘ਸਿਰ ਤੋੜ ਦਿਉ ਉਨ੍ਹਾਂ ਜੀਵੀਆਂ ਦਾ’, ਰਾਜਿੰਦਰਪਾਲ ਸ਼ਰਮਾ ਨੇ ਵਿਅੰਗ ਆਦਿ ਰਚਨਾਵਾਂ ਦੀ ਪੇਸ਼ਕਾਰੀ ਕਰਕੇ ਆਪਣੀਆਂ ਆਪਣੀਆਂ ਹਾਜ਼ਰੀਆਂ ਲਵਾਈਆਂ। ਭਖਦੇ ਮਸਲਿਆਂ ’ਤੇ ਜਸਵਿੰਦਰ ਸਿੰਘ ਛਿੰਦਾ, ਡਾਇਰੈਕਟਰ ਕੁਲਦੀਪ ਲੋਹਟ, ਇਸ਼ਿਵੰਦਰਪਾਲ ਸਿੰਘ ਅਤੇ ਪ੍ਰਧਾਨ ਡਾ. ਬਲਦੇਵ ਸਿੰਘ ਨੇ ਆਪਣੇ ਵਿਚਾਰ ਪੇਸ਼ ਕੀਤੇ।