ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 15 ਮਾਰਚ
ਮਹਿਫ਼ਲ-ਏ-ਅਦੀਬ ਸੰਸਥਾ ਜਗਰਾਉਂ ਵੱਲੋਂ ਉੱਘੇ ਕਾਲਮ ਨਵੀਸ ਕਰਨਲ ਗੁਰਦੀਪ ਜਗਰਾਉਂ ਦੀ ਨਿੱਘੀ ਯਾਦ ਨੂੰ ਸਮਰਪਿਤ ਵਿਸ਼ੇਸ਼ ਸਾਹਿਤਕ ਸਮਾਗਮ ਕਰਵਾਇਆ ਗਿਆ। ਸਮਾਗਮ ’ਚ ਗੀਤਕਾਰ ਅਤੇ ਸ਼੍ਰੋਮਣੀ ਗਾਇਕ ਪਾਲੀ ਦੇਤਵਾਲੀਆ ਮੁੱਖ ਮਹਿਮਾਨ ਅਤੇ ਕਰਨਲ ਗੁਰਦੀਪ ਜਗਰਾਉਂ ਦੇ ਪੁੱਤਰ ਸ਼ਰਨਦੀਪ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਗਮ ਦੀ ਆਰੰਭਤਾ ਕਰਦਿਆਂ ਪ੍ਰਧਾਨ ਡਾ. ਬਲਦੇਵ ਸਿੰਘ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਉਪਰੰਤ ਕੈਪਟਨ ਪੂਰਨ ਸਿੰਘ ਗਗੜਾ ਨੇ ਕਰਨਲ ਗੁਰਦੀਪ ਜਗਰਾਉਂ ਦੇ ਜੀਵਨ ਸਬੰਧੀ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਕਰਨਲ ਗੁਰਦੀਪ ਨੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦਿਆਂ ਆਪਣੀ ਮਾਂ ਬੋਲੀ ਲਈ ਵੀ ਬਹੁਤ ਕੰਮ ਕੀਤਾ। ਜਨਰਲ ਸਕੱਤਰ ਜਸਵਿੰਦਰ ਛਿੰਦਾ ਨੇ ਮੁੱਖ ਮਹਿਮਾਨ ਪਾਲੀ ਦੇਤਵਾਲੀਆ ਦੇ ਜੀਵਨ ਸਬੰਧੀ ਜਾਣ-ਪਹਿਚਾਣ ਕਰਵਾਉਂਦਿਆਂ ਕਿਹਾ ਕੇ ਪਾਲੀ ਦੇਤਵਾਲੀਆ ਨੇ ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਮਾਂ ਬੋਲੀ ਦਾ ਸਿਰ ਪੂਰੀ ਦੁਨੀਆਂ ਵਿਚ ਉੱਚਾ ਕਰਕੇ ਸੱਚੇ ਸਪੂਤ ਹੋਣ ਦਾ ਫ਼ਰਜ਼ ਨਿਭਾਇਆ ਹੈ। ਡਾਇਰੈਕਟਰ ਕੁਲਦੀਪ ਲੋਹਟ ਨੇ ਪਾਲੀ ਦੇਤਵਾਲੀਆਂ ਦੇ ਜੀਵਨ ਸਬੰਧੀ ਪਰਚਾ ਪੜ੍ਹਿਆ। ਮਹਿਫ਼ਲ ਦੇ ਅਗਲੇ ਪੜਾਅ ’ਚ ਪਾਲੀ ਦੇਤਵਾਲੀਆ ਅਤੇ ਸ਼ਰਨਦੀਪ ਬੈਨੀਪਾਲ ਦਾ ਸਨਮਾਨ ਕੀਤਾ ਗਿਆ। ਪਾਲੀ ਦੇਤਵਾਲੀਆ ਨੇ ਮਹਿਫ਼ਲ ਦੇ ਰੂ-ਬ-ਰੂ ਹੁੰਦਿਆਂ ਕਿਹਾ ਅੱਜ ਮਿਲਿਆ ਸਨਮਾਨ ਹੁਣ ਤੱਕ ਮਿਲੇ ਸਨਮਾਨਾਂ ਤੋਂ ਉਪਰ ਹੈ। ਪ੍ਰਿੰਸੀਪਲ ਗੁਰਦੇਵ ਸਿੰਘ ਸੰਦੌੜ ਨੇ ਕਿਹਾ ਪਾਲੀ ਦੇਤਵਾਲੀਆਂ ਪੰਜਾਬ ਦੇ ਹਰ ਪਰਿਵਾਰ ਦਾ ਗਾਇਕ ਹੈ, ਜਿਸ ਲਈ ਉਹ ਵਧਾਈ ਦੇ ਪਾਤਰ ਹਨ। ਸਮਾਗਮ ਦੇ ਅਖੀਰ ਵਿੱਚ ਰਚਨਾਵਾਂ ਦਾ ਦੌਰ ਚੱਲਿਆ। ਇਸ ਦੌਰਾਨ ਪਾਲੀ ਦੇਤਵਾਲੀਆ ਨੇ ਗੀਤ ‘ਆਉਣ ਪੇਕਿਆਂ ਤੋਂ ਠੰਢੀਆਂ ਹਵਾਵਾਂ ਵੀਰ ਮੇਰੇ ਰਹਿਣ ਵਸਦੇ’ ਅਤੇ ‘ਪੁੱਤ ਜਿਨ੍ਹਾਂ ਦੇ ਫੌਜੀ ਕਰਮਾਂ ਵਾਲੀਆਂ ਮਾਵਾਂ ਨੇ’ ਗੀਤ ਗਾ ਕੇ ਕਰਨਲ ਗੁਰਦੀਪ ਜਗਰਾਉਂ ਨੂੰ ਸ਼ਰਧਾਂਜਲੀ ਭੇਟ ਕੀਤੀ। ਗਾਇਕ ਮਨੀ ਹਠੂਰ ਨੇ ‘ਮਾਵਾਂ ਹੁੰਦੀਆਂ ਠੰਢੀਆਂ ਛਾਵਾਂ, ਮਹਿੰਦਰ ਸਿੱਧੂ ਨੇ ‘ਬਣਿਆ ਦੇਸ਼ ਅਖਾੜਾ ਚੋਣ ਭਾਸ਼ਣਾਂ ਦਾ’, ਸਰਦੂਲ ਲੱਖਾ ਨੇ ਨਜ਼ਮ ‘ਬੇਬੀ ਮਾਹੀ ਨੇ’ ਆਦਿ ਰਚਨਾਵਾਂ ਦੀਆਂ ਪੇਸ਼ਕਾਰੀਆਂ ਕਰਕੇ ਹਾਜ਼ਰੀ ਲਵਾਈ ।