ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 10 ਅਪਰੈਲ
ਮਹਿਫ਼ਲ-ਏ-ਅਦੀਬ ਸੰਸਥਾ ਦੀ ਮਹੀਨਾਵਾਰ ਇਕੱਤਰਤਾ ਹੋਈ। ਇਸ ਮੌਕੇ ਲੇਖਿਕਾ ਹਰਜੀਤ ਕੌਰ ਸੰਧੂ ਦਾ ਲਿਖਿਆ ਬਾਲ ਗੀਤ ਸੰਗ੍ਰਹਿ ‘ਵੱਡੇ ਵੱਡੇ ਸੁਪਨੇ’ ਲੋਕ ਅਰਪਣ ਕੀਤਾ ਗਿਆ। ਬਾਲ ਗੀਤ ਸੰਗ੍ਰਹਿ ਨੂੰ ਲੋਕ ਅਰਪਨ ਕਰਨ ਲਈ ਮਹਿੰਦਰ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਅਮਰੀਕ ਸਿੰਘ ਤਲਵੰਡੀ, ਗੀਤਕਾਰ ਅਮਰਜੀਤ ਸਿੰਘ ਘੋਲ਼ੀਆ ਅਤੇ ਕਹਾਣੀਕਾਰ ਪ੍ਰੋ. ਗੁਰਦੇਵ ਸਿੰਘ ਸੰਦੌੜ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਮੀਟਿੰਗ ਦੀ ਸ਼ੁਰੂਆਤ ਮੌਕੇ ਸੰਸਥਾ ਦੇ ਪ੍ਰਧਾਨ ਡਾ. ਬਲਦੇਵ ਸਿੰਘ ਦੇ ਚਾਚਾ ਸਾਬਕਾ ਸਿੱਖਿਆ ਅਫ਼ਸਰ ਗੁਰਦੇਵ ਸਿੰਘ ਦੀ ਬੀਤੇ ਕੱਲ੍ਹ ਧਰਨੇ ਨੂੰ ਸੰਬੋਧਨ ਕਰਦਿਆਂ ਹੋਈ ਅਚਾਨਕ ਮੌਤ ’ਤੇ ਇਕ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜ਼ਲੀ ਦਿੱਤੀ। ਇਸ ਮੌਕੇ ਮੁੱਖ ਮਹਿਮਾਨ ਅਮਰੀਕ ਸਿੰਘ ਤਲਵੰਡੀ ਨੇ ਕਿਹਾ ਕੇ ਹਰਜੀਤ ਕੌਰ ਸੰਧੂ ਵੱਲੋਂ ‘ਵੱਡੇ ਵੱਡੇ ਸੁਪਨੇ’ ਅਤੇ ਉਨ੍ਹਾਂ ਦੇ ਜੀਵਨ ਸਾਥੀ ਲੇਖਕ ਸੁਰਜੀਤ ਸਿੰਘ ਸੰਧੂ ‘ਨਿੱਕੇ-ਨਿੱਕੇ ਤਾਰੇ’ ਮਾਂ ਬੋਲੀ ਦੀ ਝੋਲੀ ਪਾਉਣ ਲਈ ਵਧਾਈ ਦੇ ਪਾਤਰ ਹਨ। ਪ੍ਰੋ. ਗੁਰਦੇਵ ਸਿੰਘ ਸੰਦੌੜ ਨੇ ਵੀ ਲੇਖਿਕਾ ਨੂੰ ਇਸ ਪੁਸਤਕ ਲਈ ਵਧਾਈਆਂ ਦਿੱਤੀਆਂ। ਲੇਖਿਕਾ ਦੇ ਭਰਾ ਗੀਤਕਾਰ ਅਮਰਜੀਤ ਸਿੰਘ ਘੋਲੀਆ ਨੇ ਦੱਸਿਆ ਕੇ ਉਨ੍ਹਾਂ ਨੂੰ ਲਿਖਣ ਕਲਾ ਦੀ ਗੁੜਤੀ ਉਨ੍ਹਾਂ ਦੇ ਪਿਤਾ ਤੋਂ ਮਿਲੀ ਹੈ। ਉਸ ਨੂੰ ਗੀਤ ਲਿਖਦਿਆਂ ਦੇਖ ਉਸ ਦੀ ਭੈਣ ਹਰਜੀਤ ਕੌਰ ਵੀ ਲਿਖਣ ਵੱਲ ਪ੍ਰੇਰਿਤ ਹੋਈ ਅਤੇ ਹੱਥਲੀ ਬਾਲ ਪੁਸਤਕ ਉਸ ਨੇ ਸਾਹਿਤ ਜਗਤ ਦੀ ਝੋਲੀ ਪਾਈ ਹੈ। ਰਚਨਾਵਾਂ ਦੇ ਦੌਰ ਦੌਰਾਨ ਮਹਿੰਦਰ ਸਿੰਘ ਸਿੱਧੂ ਨੇ ਵਿਸਾਖੀ ਨੂੰ ਸਮਰਪਿਤ ‘ਦੇਖ ਲੋ ਵਿਸਾਖੀ ਦੇ ਨਜ਼ਾਰੇ ਮਿੱਤਰੋ’, ਦੀਪ ਲੁਧਿਆਣਵੀ ਨੇ ‘ਮੈਂ ਦਰਦ ਕਹਾਣੀ ਵੇ ਲੋਕਾ’, ਮਹਿੰਦਰ ਸਿੰਘ ਸੰਧੂ ਨੇ ‘ਸੁਣਿਐ ਮੈਂ ਮਸ਼ਹੂਰ ਹੋ ਗਿਆ’, ਕਾਨਤਾ ਦੇਵੀ ਨੇ ਕਹਾਣੀ, ਡਾ. ਨਾਜ਼ਰ ਸਿੰਘ ਨੇ ‘ਇਹ ਉਹ ਵਿਸਾਖੀ ਹੈ’ ਤੇ ਹੋਰਾਂ ਸਾਹਿਤਕਾਰਾਂ ਨੇ ਵੀ ਆਪਣੀ-ਆਪਣੀ ਰਚਨਾ ਨਾਲ ਹਾਜ਼ਰੀ ਲਵਾਈ।