ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 7 ਸਤੰਬਰ
ਪ੍ਰਸ਼ਾਸਨ ਵੱਲੋਂ ਭਲਕੇ ਵੀਰਵਾਰ ਨੂੰ ਚੌਕੀਆਂ ਦੇ ਦਿਨ ਨਾਲ ਸ਼ੁਰੂ ਹੋਣ ਵਾਲੇ ਮੇਲਾ ਛਪਾਰ ਦੀਆਂ ਤਿਆਰੀਆਂ ਹਾਲੇ ਮੁਕੰਮਲ ਕੀਤੀਆਂ ਜਾਣੀਆਂ ਹਨ ਤੇ ਸ਼ਰਧਾਲੂਆਂ ਨੇ ਇੱਕ ਦਿਨ ਪਹਿਲਾਂ ਹੀ ਮੇਲੇ ਵਿੱਚ ਆਉਣਾ ਸ਼ੁਰੂ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਲੁਧਿਆਣਾ ਪੁਲੀਸ ਜ਼ਿਲ੍ਹਾ (ਦਿਹਾਤੀ) ਦੇ ਐੱਸਐੱਸਪੀ ਹਰਜੀਤ ਸਿੰਘ ਦੀ ਅਗਵਾਈ ਅਧੀਨ ਪੰਜ ਸੌ ਦੇ ਕਰੀਬ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਡਿਊਟੀ ਗੂਗਾ ਮੈੜੀ ਵਿੱਚ ਮੱਥਾ ਟੇਕਣ ਆਉਣ ਵਾਲਿਆਂ ਦੀ ਸੁਰੱਖਿਆ ਲਈ ਲਗਾਈ ਗਈ ਹੈ, ਪਰ ਸਿਵਲ ਪ੍ਰਸ਼ਾਸਨ ਵੱਲੋਂ ਕਿਸੇ ਵੀ ਅਧਿਕਾਰੀ ਨੇ ਮੇਲੇ ਦੀ ਤਿਆਰੀਆਂ ਦਾ ਜਾਇਜ਼ਾ ਲੈਣ ਦੀ ਜ਼ਰੂਰਤ ਮਹਿਸੂਸ ਨਹੀਂ ਕੀਤੀ। ਇਸ ਦਾ ਇੱਕ ਕਾਰਨ ਇਹ ਵੀ ਹੋ ਸਕਦਾ ਹੈ ਕਿ ‘ਆਪ’ ਵੱਲੋਂ ਇੱਥੇ ਕੋਈ ਸਿਆਸੀ ਕਾਨਫਰੰਸ ਨਹੀਂ ਕੀਤੀ ਜਾ ਰਹੀ।
ਇਸ ਤੋਂ ਇਲਾਵਾ ਇੱਥੇ ਸਨਅਤ ਤੇ ਵਪਾਰ ਵਿਭਾਗ ਦੀ ਮਨਜ਼ੂਰੀ ਤੋਂ ਬਗੈਰ ਦਰਜਨ ਦੇ ਕਰੀਬ ਵੱਡੇ ਝੂਲੇ ਤੇ ਤਮਾਸ਼ਿਆਂ ਵਾਲਿਆਂ ਨੇ ਕੰਮ ਸ਼ੁਰੂ ਕਰ ਦਿੱਤਾ ਹੈ। ਸਨਅਤ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਬੀਤੇ ਸਾਲਾਂ ਤੋਂ ਉਲਟ ਹਾਲੇ ਤੱਕ ਨਾ ਤਾਂ ਉਨ੍ਹਾਂ ਨੂੰ ਕੋਈ ਜ਼ਿਲ੍ਹਾ ਪ੍ਰਸ਼ਾਸਨ ਤੋਂ ਕਿਸੇ ਮੀਟਿੰਗ ਦਾ ਸੱਦਾ ਆਇਆ ਅਤੇ ਨਾ ਹੀ ਕਿਸੇ ਝੂਲਾ ਮਾਲਕ ਨੇ ਇੰਸਪੈਕਸ਼ਨ ਕਰਵਾ ਕੇ ਕੋਈ ਪ੍ਰਵਾਨਗੀ ਲੈਣ ਲਈ ਪਹੁੰਚ ਕੀਤੀ ਹੈ। ਇਸੇ ਤਰ੍ਹਾਂ ਖਿਡੌਣੇ, ਮਠਿਆਈਆਂ ਅਤੇ ਖਾਣ-ਪੀਣ ਵਾਲੇ ਪਦਾਰਥਾਂ ਦੀਆਂ ਸਟਾਲਾਂ ਨੇ ਵੀ ਕੰਮ ਸ਼ੁਰੂ ਕਰ ਦਿੱਤਾ ਹੈ।
ਅੱਜ ਸਾਰੇ ਪ੍ਰਬੰਧ ਮੁਕੰਮਲ ਹੋਣ ਜਾਣਗੇ: ਅਧਿਕਾਰੀ
ਛਪਾਰ ਚੌਕੀ ਦੇ ਮੁਖੀ ਸਈਦ ਸ਼ਕੀਲ ਨੇ ਦਾਅਵਾ ਕੀਤਾ ਕਿ ਵੀਰਵਾਰ ਸਵੇਰ ਤੱਕ ਸੁਰੱਖਿਆ ਪ੍ਰਬੰਧ ਪੂਰੇ ਕਰ ਲਏ ਜਾਣਗੇ ਜੋ ਕਿ ਐੱਸਐੱਸਪੀ ਹਰਜੀਤ ਸਿੰਘ ਦੀ ਅਗਵਾਈ ਹੇਠ ਤਿਆਰ ਕੀਤੀ ਨੀਤੀ ਅਨੁਸਾਰ ਕੀਤੇ ਜਾ ਰਹੇ ਹਨ। ਉਨ੍ਹਾਂ ਅਨੁਸਾਰ ਕਰੀਬ ਪੰਜ ਸੌ ਮੁਲਾਜ਼ਮ ਤੇ ਅਧਿਕਾਰੀ ਮੇਲੇ ਦੌਰਾਨ ਤਾਇਨਾਤ ਰਹਿਣਗੇ।