ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 14 ਜੂਨ
ਪੰਜਾਬ ਦੇ ਸਨਅਤੀ ਸ਼ਹਿਰ ਲੁਧਿਆਣਾ ਵਿੱਚ ਲਗਾਤਾਰ ਗਰਮੀ ਦਾ ਕਹਿਰ ਜਾਰੀ ਹੈ। ਗਰਮੀ ਕਾਰਨ ਤਾਪਮਾਨ 44 ਡਿਗਰੀ ’ਤੇ ਪੁੱਜ ਗਿਆ ਹੈ। ਇਸ ਕਾਰਨ ਆਮ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਆਉਣ ਵੀਰਵਾਰ ਤੱਕ ਤਾਪਮਾਨ ’ਚ ਇਸੇ ਤਰ੍ਹਾਂ ਵਾਧਾ ਰਹੇਗਾ। ਇਸ ਤੋਂ ਬਾਅਦ ਸ਼ੁੱਕਰਵਾਰ ਤੋਂ ਸੋਮਵਾਰ ਤੱਕ ਮੀਂਹ ਪੈਣ ਦੇ ਆਸਾਰ ਹਨ। ਮੀਂਹ ਆਉਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ। ਨਾਲ ਹੀ ਕਿਸਾਨਾਂ ਦੀ ਪਾਣੀ ਦੀ ਸਮੱਸਿਆ ਵੀ ਦੂਰ ਹੋ ਜਾਵੇਗੀ। ਮੰਗਲਵਾਰ ਨੂੰ ਲੁਧਿਆਣਾ ’ਚ ਸਵੇਰੇ ਤਾਪਮਾਨ 38 ਡਿਗਰੀ ਦਰਜ ਕੀਤਾ ਗਿਆ ਜਦੋਂਕਿ ਦੁਪਹਿਰ ਬਾਅਦ ਇਹ 44 ਡਿਗਰੀ ਦਰਜ ਕੀਤਾ ਗਿਆ।
ਪਿਛਲੇ ਤਿੰਨ ਦਿਨਾਂ ਤੋਂ ਤਾਪਮਾਨ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਇਸ ਕਾਰਨ ਦਿਨ ਅਤੇ ਰਾਤ ਸਮੇਂ ਗਰਮੀ ਵਧੀ ਹੈ ਤੇ ਲੋਕ ਪ੍ਰੇਸ਼ਾਨ ਹਨ। ਮੰਗਲਵਾਰ ਨੂੰ ਦਿਨ ਭਰ ਹੁਮਸ ਅਤੇ ਤਪਦੀ ਧੁੱਪ ਕਾਰਨ ਲੋਕ ਗਰਮੀ ’ਚ ਝੁਲਸਦੇ ਰਹੇ। ਦੱਸਿਆ ਜਾ ਰਿਹਾ ਹੈ ਕਿ ਜੂਨ ਮਹੀਨੇ ਦੇ ਦੂਜੇ ਹਫ਼ਤੇ ’ਚ ਸੀਜ਼ਨ ’ਚ ਇਹ ਪਹਿਲੀ ਵਾਰ ਹੈ, ਜਦੋਂ ਦਿਨ ਤੇ ਰਾਤ ਦਾ ਤਾਪਮਾਨ ਵਧਿਆ ਹੈ। ਬਿਜਲੀ ਦੇ ਕੱਟ ਲੋਕਾਂ ਨੂੰ ਹੋਰ ਵੀ ਪ੍ਰੇਸ਼ਾਨ ਕਰ ਰਹੇ ਹਨ। ਗਰਮੀ ਤੋਂ ਪ੍ਰੇਸ਼ਾਨ ਲੋਕਾਂ ਨੂੰ ਮੀਂਹ ਦੀ ਪੇਸ਼ੀਨਗੋਈ ਰਾਹਤ ਦੇਣ ਵਾਲੀ ਲੱਗ ਰਹੀ ਹੈ। ਜੂਨ ਮਹੀਨੇ ਦੀ ਸ਼ੁਰੂਆਤ ਤੋਂ ਹੁਣ ਤੱਕ ਤਾਪਮਾਨ ’ਚ ਗਿਰਾਵਟ ਦਰਜ ਨਹੀਂ ਹੋਈ ਹੈ।
ਮੌਸਮ ਵਿਭਾਗ ਵੱਲੋਂ ਲੋਕਾਂ ਨੂੰ ਧੁੱਪ ’ਚ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਹੈ। ਜੇ ਜ਼ਰੂਰੀ ਹੋਵੇ ਤਾਂ ਘਰੋਂ ਨਿਕਲਣ ਸਮੇਂ ਆਪਣੇ ਆਪ ਨੂੰ ਢਕ ਕੇ ਜਾਣ ਦੀ ਸਲਾਹ ਦਿੱਤੀ ਹੈ। ਨਾਲ ਹੀ ਲੋਕਾਂ ਨੂੰ ਪਾਣੀ ਵੱਧ ਪੀਣ ਲਈ ਆਖਿਆ ਗਿਆ ਹੈ। ਗਰਮੀ ਜ਼ਿਆਦਾ ਹੋਣ ਕਾਰਨ ਸ਼ਹਿਰ ਦੀਆਂ ਮੁੱਖ ਸੜਕਾਂ ਵੀ ਸੁੰਨੀਆਂ ਦੇਖੀਆਂ ਜਾ ਰਹੀਆਂ ਹਨ।