ਪੱਤਰ ਪ੍ਰੇਰਕ
ਜਗਰਾਉਂ, 5 ਸਤੰਬਰ
ਨਗਰ ਪੰਚਾਇਤ ਪਿੰਡ ਡੱਲਾ ਵੱਲੋਂ ਪਿੰਡ ਦੇ ਸਮੁੱਚੇ ਵਿਕਾਸ ’ਚ ਪਾਏ ਯੋਗਦਾਨ ਰਾਹੀਂ ਪਿੰਡ ਦੀਆਂ ਸਾਂਝੀਆਂ ਥਾਵਾਂ ਅਤੇ ਸਕੂਲਾਂ ਦੀ ਦਿਸ਼ਾ ਅਤੇ ਦਸ਼ਾ ਨੂੰ ਨਿਖਾਰਨ ਵਾਲੇ ਵਿਦੇਸ਼ਾਂ ’ਚ ਵਸੇ ਅਤੇ ਪਿੰਡ ਦੇ ਦਾਨੀ ਪਰਿਵਾਰਾਂ ਦੇ ਧੰਨਵਾਦ ਅਤੇ ਸਨਮਾਨ ਲਈ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪਿੰਡ ਦੇ ਸਰਪੰਚ ਜਸਵਿੰਦਰ ਕੌਰ ਸਿੱਧੂ ਨੇ ਦੱਸਿਆ ਕਿ ਭਾਵੇਂ ਪਿੰਡਾਂ ਦੀਆਂ ਲੋੜਾਂ ਅਤੇ ਵਿਕਾਸ ਲਈ ਸਰਕਾਰਾਂ ਵੱਲੋਂ ਗ੍ਰਾਂਟਾਂ ਦੇ ਗੱਫੇ ਦਿੱਤੇ ਜਾਂਦੇ ਹਨ ਫਿਰ ਵੀ ਆਪਣੀ ਜਨਮ ਭੂਮੀ ਨਾਲ ਮੋਹ ਰੱਖਣ ਵਾਲੇ ਪ੍ਰਦੇਸ਼ਾਂ ਦੀ ਧਰਤੀ ’ਤੇ ਰਹਿਣ ਵਾਲੇ ਲੋਕ ਵੀ ਕੋਈ ਕਸਰ ਨਹੀਂ ਛੱਡਦੇ। ਪ੍ਰਧਾਨ ਨਿਰਮਲ ਸਿੰਘ ਡੱਲਾ ਨੇ ਦੱਸਿਆ ਕਿ ਪਿੰਡ ਦੇ ਸਰਕਾਰੀ ਸਕੂਲ ਦੀ ਇਮਾਰਤ ਕਾਫੀ ਪੁਰਾਣੀ ਅਤੇ ਖਸਤਾ ਹੋ ਚੁੱਕੀ ਸੀ ਜਿਸ ਨੂੰ ਸਕੂਲ ਦੇ ਪੁਰਾਣੇ ਵਿਦਿਆਰਥੀਆਂ ਅਤੇ ਐਨ.ਆਰ.ਆਈਜ਼ ਵੱਲੋ ਭੇਜੀ ਸਹਾਇਤਾ ਰਾਸ਼ੀ ਨਾਲ ਨਵੀਂ ਦਿੱਖ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਕੂਲ ਦੇ ਦਸ ਕਮਰਿਆਂ, ਵਰਾਂਡੇ ਵਿਚ ਟਾਇਲਾਂ ਦਾ ਫਰਸ਼ ਅਤੇ ਪਾਰਕਾਂ ਕਿਨਾਰੇ ਇੰਟਰਲੌਕ ਟਾਈਲਾਂ ਲਗਾਈਆਂ ਗਈਆਂ ਹਨ। ਇਸ ਮੌਕੇ ਰਾਣਾ ਸਿੰਘ, ਦਲਜੀਤ ਸਿੰਘ, ਪ੍ਰੀਤ ਸਿੰਘ, ਹਾਕਮ ਸਿੰਘ ਨੰਬਰਦਾਰ, ਪ੍ਰਧਾਨ ਤੇਲੂ ਸਿੰਘ ਮੈਂਬਰ, ਗੁਰਚਰਨ ਸਿੰਘ ਸਿੱਧੂ, ਕਮਲਜੀਤ ਸਿੰਘ ਜੀ.ਓ.ਜੀ., ਕਰਮਜੀਤ ਸਿੰਘ ਕੰਮੀ, ਇਕਬਾਲ ਸਿੰਘ, ਪ੍ਰਧਾਨ ਜੋਰਾ ਸਿੰਘ ਸਰਾਂ, ਯੂਥ ਆਗੂ ਅਮਨਾ ਡੱਲਾ ਹਾਜ਼ਰ ਸਨ।