ਗੁਰਿੰਦਰ ਸਿੰਘ
ਲੁਧਿਆਣਾ, 26 ਫਰਵਰੀ
ਦੁਕਾਨਦਾਰਾਂ ਅਤੇ ਵਪਾਰੀਆਂ ਵੱਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਤਹਿਤ ਅੱਜ ਲੁਧਿਆਣਾ ਵਿੱਚ ਦੁਕਾਨਦਾਰਾਂ ਅਤੇ ਵਪਾਰੀਆਂ ਵੱਲੋਂ ਮੱਠਾ ਹੁੰਗਾਰਾ ਦਿੱਤਾ ਗਿਆ ਹੈ। ਅੱਜ ਸਵੇਰੇ ਪ੍ਰਮੁੱਖ ਬਾਜ਼ਾਰਾਂ ਵਿੱਚ ਕੁਝ ਸਮੇਂ ਲਈ ਦੁਕਾਨਾਂ ਬੰਦ ਰਹੀਆਂ ਪਰ ਜਲਦੀ ਹੀ ਦੁਕਾਨਦਾਰਾਂ ਨੇ ਦੁਕਾਨਾਂ ਖੋਲ੍ਹ ਦਿੱਤੀਆਂ। ਚੌੜਾ ਬਾਜ਼ਾਰ, ਘੰਟਾਘਰ, ਚੌਕ ਕੇਸਰਗੰਜ, ਕਿਤਾਬ ਬਾਜ਼ਾਰ, ਕਰੀਮਪੁਰਾ ਬਾਜ਼ਾਰ, ਫੀਲਡਗੰਜ, ਹੈਬੋਵਾਲ ਅਤੇ ਮਾਧੋਪੁਰੀ ਆਦਿ ਇਲਾਕਿਆਂ ਵਿੱਚ ਬੰਦ ਦਾ ਘੱਟ ਹੀ ਅਸਰ ਦੇਖਣ ਨੂੰ ਮਿਲਿਆ। ਦੁਕਾਨਾਂ ਖੁਲਣ ਦੇ ਬਾਵਜੂਦ ਗਾਹਕਾਂ ਦੀ ਕੋਈ ਗਹਿਮਾਗਹਿਮੀ ਨਜ਼ਰ ਨਹੀਂ ਸੀ ਆ ਰਹੀ। ਇਸ ਦੌਰਾਨ ਵਪਾਰੀਆਂ ਵੱਲੋਂ ਐਕਸਾਈਜ਼ ਅਤੇ ਟੈਕਸੇਸ਼ਨ ਅਧਿਕਾਰੀ ਕੇਐਸ ਸਿੱਧੂ ਨੂੰ ਗੁਰਦੀਪ ਸਿੰਘ ਗੋਸ਼ਾ, ਸੁਨੀਲ ਮਹਿਰਾ, ਮੋਹਿੰਦਰ ਅਗਰਵਾਲ, ਹਰਕੇਸ਼ ਮਿੱਤਲ ਦੀ ਅਗਵਾਈ ਹੇਠ ਇਕ ਮੰਗ ਪੱਤਰ ਦਿੱਤਾ ਗਿਆ। ਕਮਿਸਨਰ ਸਿੱਧੂ ਨੇ ਵਫ਼ਦ ਨੂੰ ਵਿਸ਼ਵਾਸ ਦਵਾਇਆ ਕਿ ਵਾਪਰੀਆਂ ਦੀਆਂ ਮੁਸ਼ਕਲਾਂ ਨੂੰ ਜਲਦੀ ਹੀ ਹੱਲ ਕੀਤਾ ਜਾਵੇਗਾ।
ਗੁਰੂਸਰ ਸੁਧਾਰ (ਪੱਤਰ ਪ੍ਰੇਰਕ): ਵਸਤਾਂ ਤੇ ਸੇਵਾਵਾਂ ਕਰ (ਜੀਐਸਟੀ) ਵਿੱਚ ਆਪਹੁਦਰੀਆਂ ਅਤੇ ਈ.ਕਾਮਰਸ ਕੰਪਨੀਆਂ ਵੱਲੋਂ ਨਿਯਮਾਂ ਦੀ ਉਲੰਘਣਾ ਕਰ ਕੇ ਆਮ ਵਪਾਰੀਆਂ ਨੂੰ ਲਾਏ ਜਾ ਰਹੇ ਰਗੜੇ ਵਿਰੁੱਧ ਕਨਫੈਡਰੇਸ਼ਨ ਆਫ਼ ਆਲ ਇੰਡੀਆ ਟਰੇਡਰਜ਼ ਅਤੇ ਆਲ ਇੰਡੀਆ ਟਰਾਂਸਪੋਰਟ ਵੈੱਲਫੇਅਰ ਐਸੋਸੀਏਸ਼ਨ ਦੇ ਸੱਦੇ ਉੱਤੇ ਭਾਰਤ ਬੰਦ ਨੂੰ ਭਾਵੇਂ ਵਪਾਰੀਆਂ ਵੱਲੋਂ ਬਹੁਤਾ ਸਮਰਥਨ ਨਹੀਂ ਮਿਲਿਆ ਪਰ ਅੱਜ ਗਾਹਕ ਦਿਖਾਈ ਨਹੀਂ ਦਿੱਤੇ ਅਤੇ ਬਜ਼ਾਰਾਂ ਵਿੱਚ ਸੁੰਨ ਪਸਰੀ ਰਹੀ। ਮੰਡੀ ਮੁੱਲਾਂਪੁਰ, ਗੁਰੂਸਰ ਸੁਧਾਰ, ਹਲਵਾਰਾ, ਪੱਖੋਵਾਲ ਅਤੇ ਜੋਧਾਂ ਕਸਬੇ ਵਿਚ ਦੁਕਾਨਦਾਰਾਂ ਨੇ ਤਾਂ ਦੇਖੋ ਦੇਖੀ ਹੌਲੀ-ਹੌਲੀ ਦੁਕਾਨਾਂ ਖੋਲ੍ਹ ਲਈਆਂ ਅਤੇ ਸ਼ਾਮ ਤੱਕ ਇਲਾਕੇ ਦੇ ਬਾਜ਼ਾਰ ਖੁੱਲ੍ਹੇ ਰਹੇ ਪਰ ਇਸ ਬੰਦ ਦੇ ਸੱਦੇ ਨੂੰ ਦੇਖਦਿਆਂ ਪੇਂਡੂ ਅਤੇ ਸ਼ਹਿਰੀ ਇਲਾਕੇ ਦੇ ਗਾਹਕ ਬਾਜ਼ਾਰਾਂ ਵਿੱਚ ਖ਼ਰੀਦਦਾਰੀ ਲਈ ਨਹੀਂ ਨਿਕਲੇ।
ਜਗਰਾਉਂ ਵਿੱਚ ਵੀ ਬਾਜ਼ਾਰ ਆਮ ਵਾਂਗ ਖੁੱਲ੍ਹੇ
ਜਗਰਾਉਂ (ਨਿੱਜੀ ਪੱਤਰ ਪ੍ਰੇਰਕ): ਜੀਐੱਸਟੀ ਵਿੱਚ ਤਬਦੀਲੀਆਂ ਸਮੇਤ ਹੋਰਨਾਂ ਮੰਗਾਂ ਨੂੰ ਲੈ ਕੇ ਵਪਾਰੀਆਂ ਵੱਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਨੂੰ ਇਥੇ ਕੋਈ ਹੁੰਗਾਰਾ ਨਾ ਮਿਲਿਆ। ਇਕ ਰੋਜ਼ਾ ਇਸ ਹੜਤਾਲ ਮੌਕੇ ਨਾ ਇਲਾਕੇ ਦਾ ਕੋਈ ਵਪਾਰ ਅਤੇ ਨਾ ਹੀ ਕੋਈ ਦੁਕਾਨ ਬੰਦ ਨਜ਼ਰ ਆਈ। ਬਾਜ਼ਾਰਾਂ ਵਿੱਚ ਆਮ ਦਿਨਾਂ ਵਾਂਗ ਭੀੜ ਸੀ ਅਤੇ ਸਾਰੀਆਂ ਦੁਕਾਨਾਂ ਖੁੱਲ੍ਹੀਆਂ ਰਹੀਆਂ। ਆਮ ਦਿਨਾਂ ਦੇ ਮੁਕਾਬਲੇ ਉਲਟਾ ਅੱਜ ਮੇਲਾ ਰੌਸ਼ਨੀ ਕਰਕੇ ਵਧੇਰੇ ਭੀੜ ਤੇ ਵਾਹਨ ਸੜਕਾਂ ’ਤੇ ਦੇਖਣ ਨੂੰ ਮਿਲੇ। ਬਹੁਤੇ ਦੁਕਾਨਦਾਰਾਂ ਅਤੇ ਕਈ ਕਾਰੋਬਾਰੀਆਂ ਨੇ ਗੱਲਬਾਤ ਦੌਰਾਨ ਭਾਰਤ ਬੰਦ ਦੇ ਸੱਦੇ ਤੋਂ ਅਗਿਆਨਤਾ ਪ੍ਰਗਟਾਈ। ਦੁਕਾਨਦਾਰ ਵਿੱਕੀ ਟੰਡਨ, ਸ਼ਰਨਦੀਪ ਬੈਨੀਪਾਲ, ਇੰਦਰਜੀਤ ਸਿੰਘ ਤੇ ਅਜੇ ਗਰਗ ਨੇ ਕਿਹਾ ਕਿ ਪਹਿਲਾਂ ਹੀ ਕਰੋਨਾ ਕਰਕੇ ਲਗਪੱਗ ਇਕ ਸਾਲ ਤੋਂ ਮਾਰਕੀਟ ਵਿੱਚ ਮੰਦਹਾਲੀ ਛਾਈ ਹੋਈ। ਉਨ੍ਹਾਂ ਦਾ ਕਹਿਣਾ ਸੀ ਕਿ ਅੱਜ ਤਾਂ ਰੌਸ਼ਨੀ ਮੇਲੇ ਕਰਕੇ ਸਗੋਂ ਵਧੇਰੇ ਵਿੱਕਰੀ ਦੀ ਉਮੀਦ ਹੈ ਜਿਸ ਕਰਕੇ ਉਹ ਹੋਰ ਮਾਲੀ ਨੁਕਸਾਨ ਝੱਲਣ ਦੇ ਸਮਰੱਥ ਨਹੀਂ ਹਨ।