ਜਗਰਾਉਂ (ਜਸਬੀਰ ਸਿੰਘ ਸ਼ੇਤਰਾ ):ਝੋਨੇ ਵਿੱਚ ਨਮੀ ਦੀ ਮਾਤਰਾ ਕਰਕੇ ਪ੍ਰੇਸ਼ਾਨ ਕਿਸਾਨ ਲਈ ਅਗਲੇ ਦਿਨ ਹੋਰ ਪ੍ਰੇਸ਼ਾਨੀ ਭਰੇ ਹੋਣਗੇ ਕਿਉਂਕਿ ਬੇਮੌਸਮਾ ਮੀਂਹ ਕਿਸਾਨਾਂ ’ਤੇ ਕਹਿਰ ਬਣ ਕੇ ਟੁੱਟਿਆ ਹੈ। ਇਸ ਮੀਂਹ ਨਾਲ ਜਿੱਥੇ ਏਸ਼ੀਆ ਦੀ ਦੂਜੀ ਵੱਡੀ ਮੰਡੀ ਜਗਰਾਉਂ ਸਮੇਤ ਹੋਰਨਾਂ ਮੰਡੀਆਂ ’ਚ ਲੱਖਾਂ ਕੁਇੰਟਲ ਝੋਨਾ ਭਿੱਜ ਗਿਆ ਹੈ, ਉਥੇ ਹੀ ਖੇਤਾਂ ’ਚ ਖੜ੍ਹੇ ਝੋਨੇ ਨੂੰ ਮੀਂਹ ਤੋਂ ਇਲਾਵਾ ਹਨ੍ਹੇਰੀ ਦੀ ਵੀ ਮਾਰ ਪਈ ਹੈ। ਖੇਤੀਬਾੜੀ ਵਿਭਾਗ ਨੇ ਮੰਨਿਆ ਹੈ ਕਿ ਇਸ ਮੀਂਹ ਕਰਕੇ ਇਕ ਤੋਂ ਦੋ ਫ਼ੀਸਦੀ ਝੋਨੇ ਦੇ ਝਾੜ ’ਤੇ ਅਸਰ ਪੈ ਸਕਦਾ ਹੈ। ਉਂਝ ਇਲਾਕੇ ’ਚ ਗੜੇਮਾਰੀ ਤੋਂ ਬਚਾਅ ਰਿਹਾ।। ਇਸ ਮੀਂਹ ਨੇ ਪ੍ਰਸ਼ਾਸਨ ਦੇ ਪ੍ਰਬਧਾਂ ਦੀ ਪੋਲ ਵੀ ਖੋਲ੍ਹ ਦਿੱਤੀ ਕਿਉਂਕਿ ਮੰਡੀਆਂ ’ਚ ਝੋਨੇ ਨੂੰ ਢਕਣ ਲਈ ਲੋੜੀਂਦੀ ਮਾਤਰਾ ’ਚ ਤਿਰਪਾਲਾਂ ਹੀ ਨਹੀਂ ਮਿਲੀਆਂ। ਝੋਨੇ ਦਾ ਸੀਜ਼ਨ ਸ਼ੁਰੂ ਹੋਣ ਵੇਲੇ ਹਰ ਤਰ੍ਹਾਂ ਦਾ ਪ੍ਰਬੰਧ ਮੁਕੰਮਲ ਹੋਣ ਦਾ ਦਾਅਵਾ ਕਰਨ ਵਾਲੇ ਮਾਰਕੀਟ ਕਮੇਟੀ ਅਧਿਕਾਰੀਆਂ ਦਾ ਕਹਿਣਾ ਸੀ ਕਿ ਤਿਰਪਾਲਾਂ ਦਾ ਪ੍ਰਬੰਧ ਆੜ੍ਹਤੀਆਂ ਨੇ ਕਰਨਾ ਹੁੰਦਾ ਹੈ ਅਤੇ ਜਿਹੜੇ ਆੜ੍ਹਤੀ ਨਾਕਾਮ ਰਹੇ ਹਨ ਤੇ ਉਨ੍ਹਾਂ ਦੀ ਨਾਕਾਮੀ ਕਰਕੇ ਕਿਸਾਨਾਂ ਦੇ ਝੋਨੇ ਦਾ ਨੁਕਸਾਨ ਹੋਣ ਬਾਰੇ ਜਾਇਜ਼ਾ ਲੈ ਕੇ ਬਣਦੀ ਕਾਰਵਾਈ ਹੋਵੇਗੀ। ਬੀਤੀ ਰਾਤ ਹੋਈ ਬਰਸਾਤ ਤੋਂ ਬਾਅਦ ਅੱਜ ਮੰਡੀ ਦੇ ਦੌਰੇ ਸਮੇਂ ਕਿਸਾਨਾਂ ਨੇ ਪ੍ਰਸ਼ਾਸਨ ਤੋਂ ਇਲਾਵਾ ਆੜ੍ਹਤੀਆਂ ਪ੍ਰਤੀ ਰੋਸ ਪ੍ਰਗਟਾਇਆ। ਮੰਡੀ ਦਾ ਬਹੁਤਾ ਹਿੱਸਾ ਖਰੀਦ ਹੋਏ ਝੋਨੇ ਦੀਆਂ ਬੋਰੀਆਂ ਨਾਲ ਭਰਿਆ ਹੋਇਆ ਸੀ ਜਦਕਿ ਬਾਕੀ ਫੜ੍ਹਾਂ ’ਤੇ ਚੁਫੇਰੇ ਝੋਨੇ ਦੇ ਢੇਰ ਨਜ਼ਰ ਆ ਰਹੇ ਸਨ।