ਖੇਤਰੀ ਪ੍ਰਤੀਨਿਧ
ਲੁਧਿਆਣਾ, 26 ਜੁਲਾਈ
ਗਿਆਨ ਅੰਜਨ ਅਕਾਡਮੀ ਵਲੋਂ ਇਥੇ ਕਰਵਾਏ ਸਾਹਿਤਕ ਪ੍ਰੋਗਰਾਮ ਵਿਚ ਪੰਜਾਬੀ ਲੇਖਿਕਾ, ਸਮਾਜ ਸੇਵਿਕਾ ਤੇ ਸਿੱਖਿਆ ਸ਼ਾਸਤਰੀ ਡਾ. ਕੁਲਵਿੰਦਰ ਕੌਰ ਮਿਨਹਾਸ ਦੀ ਪੁਸਤਕ,‘ਬਾਲਾਂ ਲਈ ਜ਼ਰੂਰੀ ਗੱਲਾਂ’ ਲੋਕ ਅਰਪਣ ਕੀਤੀ ਗਈ। ਇਸ ਸਮਾਗਮ ਦੀ ਪ੍ਰਧਾਨਗੀ ਪੀਏਯੂ ਦੇ ਸਾਬਕਾ ਵਾਈਸ ਚਾਂਸਲਰ ਡਾ. ਮਨਜੀਤ ਸਿੰਘ ਕੰਗ ਨੇ ਕੀਤੀ ਤੇ ਮੁੱਖ ਮਹਿਮਾਨ ਵਜੋਂ ਦਿਨੇਸ਼ ਕੁਮਾਰ ਪਹੁੰਚੇ ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਮਮਤਾ ਤੇ ਕੁਲਜੀਤ ਸਿੰਘ ਨੇ ਸ਼ਿਰਕਤ ਕੀਤੀ। ਡਾ. ਕੰਗ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਡਾ. ਮਿਨਹਾਸ ਨੇ ਇਸ ਪੁਸਤਕ ਰਾਹੀਂ ਬੱਚਿਆਂ ਨੂੰ ਇਮਾਨਦਾਰੀ, ਸੱਚ, ਮਿਹਨਤ, ਚੋਰੀ ਨਾ ਕਰਨ, ਵੱਡਿਆਂ ਦਾ ਸਤਿਕਾਰ ਕਰਨ, ਸਮੇਂ ਦੀ ਕਦਰ ਕਰਨ, ਸਫ਼ਾਈ ਕਰਨ, ਈਰਖਾ ਤੇ ਨਸ਼ੇ ਨਾ ਕਰਨ, ਦਸ ਗੁਰੂ ਸਾਹਿਬਾਨਾਂ ਪੰਜ ਪਿਆਰੀਆਂ, ਚਾਰ ਸਾਹਿਬਜ਼ਾਦਿਆਂ ਦੇ ਨਾਮ, ਮੂਲਮੰਤਰ, ਵਾਹਿਗੁਰੂ ਦਾ ਸਿਮਰਨ, ਜਪੁਜੀ ਸਾਹਿਬ ਦੀਆਂ ਪੰਜ ਪਉੜੀਆਂ ਤੇ ਅਰਦਾਸ ਆਦਿ ਵਿਸ਼ਿਆਂ ਬਾਰੇ ਲਿਖ ਕੇ ਬੱਚਿਆਂ ਨੂੰ ਸਿੱਖਿਆ ਦੇਣ ਦਾ ਉਪਰਾਲਾ ਕੀਤਾ ਹੈ। ਇਸ ਮੌਕੇ ਰਿੱਤੂ ਗੌਤਮ, ਮਨਦੀਪ ਸਿੰਘ ਤੇ ਪਰਮਜੀਤ ਅਹੂਜਾ ਆਦਿ ਸਮੇਤ ਅਕਾਡਮੀ ਦੇ ਝੁੱਗੀਆਂ-ਝੌਪੜੀਆਂ ਵਿੱਚ ਰਹਿਣ ਵਾਲੇ ਬੱਚੇ ਹਾਜ਼ਰ ਸਨ।
ਨਾਟਕ ‘ਇਕਨਾ ਏਹੋ ਲਿਖਿਆ’ ਰਿਲੀਜ਼
ਮਾਛੀਵਾੜਾ (ਪੱਤਰ ਪ੍ਰੇਰਕ): ਪੰਜਾਬੀ ਸਾਹਿਤ ਸਭਾ ਭੈਣੀ ਸਾਹਿਬ ਦੀ ਮਹੀਨਾਵਾਰ ਮੀਟਿੰਗ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੈਣੀ ਸਾਹਿਬ ਵਿੱਚ ਸਭਾ ਦੇ ਪ੍ਰਧਾਨ ਗੁਰਸੇਵਕ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਲੇਖਕ ਬਲਵਿੰਦਰ ਸਿੰਘ ਗਰੇਵਾਲ ਕੂੰਮ ਕਲਾਂ ਦਾ ਲਿਖਿਆ ਨਾਟਕ ‘ਇਕਨਾ ਏਹੋ ਲਿਖਿਆ’ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਨਾਟਕ ਉੱਤੇ ਪਰਚਾ ਬਲਜਿੰਦਰ ਕੌਰ ਵੱਲੋਂ ਪੜ੍ਹਿਆ ਗਿਆ। ਇਸ ਤੋਂ ਬਾਅਦ ਲੇਖਕ ਹਰਬੰਸ ਸਿੰਘ ਸ਼ਾਨ ਬਗਲੀ ਕਲਾਂ ਵੱਲੋਂ ਆਪਣੀ ਨਵੀਂ ਕਿਤਾਬ ‘ਤੇਰੇ ਜਾਣ ਮਗਰੋਂ’ ਅਤੇ ਨੌਜਵਾਨ ਲੇਖਕ ਗੁਰਪ੍ਰੀਤ ਸਿੰਘ ਬੀੜ ਕਿਸ਼ਨ ਵੱਲੋਂ ਆਪਣਾ ਪਲੇਠਾ ਨਾਵਲ ‘ਵਗਦੇ ਪਾਣੀ’ ਸਾਹਿਤ ਸਭਾ ਦੀ ਲਾਇਬ੍ਰੇਰੀ ਨੂੰ ਭੇਟ ਕੀਤਾ ਗਿਆ। ਪੁਸਤਕ (ਇਕਨਾ ਏਹੋ ਲਿਖਿਆ) ਬਾਰੇ ਗੁਰਸੇਵਕ ਸਿੰਘ ਢਿੱਲੋਂ, ਹਰਬੰਸ ਮਾਲਵਾ, ਪੰਜਾਬੀ ਲਿਖਾਰੀ ਸਭਾ ਰਾਮਪੁਰ ਦੇ ਪ੍ਰਧਾਨ ਜਸਵੀਰ ਝੱਜ ਨੇ ਆਪੋ-ਆਪਣੇ ਵਿਚਾਰ ਸਾਂਝੇ ਕੀਤੇ। ਇਸ ਤੋਂ ਇਲਾਵਾ ਹਰਬੰਸ ਸਿੰਘ ਰਾਏ, ਜਗਜੀਤ ਸਿੰਘ ਗੁਰਮ ਅਤੇ ਅਨਿਲ ਫਤਹਿਗੜ੍ਹ ਜੱਟਾਂ ਦੀ ਪ੍ਰਧਾਨਗੀ ਹੇਠ ਕਵੀ ਦਰਬਾਰ ਹੋਇਆ।