ਗਗਨਦੀਪ ਅਰੋੜਾ
ਲੁਧਿਆਣਾ, 10 ਅਪਰੈਲ
ਲੁਧਿਆਣਾ ਦੇ ਕੇਂਦਰੀ ਵਿਧਾਨ ਸਭਾ ਹਲਕੇ ਵਿੱਚ ਸਿਆਸੀ ਅਖਾੜਾ ਰਿਹਾ ਮਿਨੀ ਰੋਜ਼ ਗਾਰਡਨ ਇੱਕ ਵਾਰ ਫਿਰ ਚਰਚਾ ਵਿਚ ਆ ਗਿਆ ਹੈ। ਬੀਤੇ ਦਿਨੀਂ ਕਾਂਗਰਸੀ ਵਿਧਾਇਕ ਸੁਰਿੰਦਰ ਡਾਵਰ ਵੱਲੋਂ ਮਿਨੀ ਰੋਜ਼ ਗਾਰਡਨ ਦੀ ਮੁਰੰਮਤ ਲਈ 3.5 ਕਰੋੜ ਰੁਪਏ ਦੇ ਪ੍ਰਾਜੈਕਟ ਦੇ ਕੀਤੇ ਉਦਘਾਟਨ ’ਤੇ ਹੁਣ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਪ੍ਰਵੀਨ ਬਾਂਸਲ ਨੇ ਸਵਾਲ ਚੁੱਕੇ ਹਨ।
ਪ੍ਰਵੀਨ ਬਾਂਸਲ ਨੇ ਦੋਸ਼ ਲਾਇਆ ਕਿ ਮਿਨੀ ਰੋਜ਼ ਗਾਰਡਨ ਪਹਿਲਾਂ ਹੀ ਵਧੀਆ ਹੈ, ਫਿਰ ਵੀ ਉਸ ਦੀ ਮੁਰੰਮਤ ਨਾਲ ਵੱਡਾ ਘਪਲਾ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਿਕ ਇਸ ਸਬੰਧੀ ਉਹ ਮਿਨੀ ਰੋਜ਼ ਗਾਰਡਨ ਤੋਂ ਫੇਸਬੁੱਕ ’ਤੇ ਵੀ ਲਾਈਵ ਹੋਏ ਤੇ ਲੋਕਾਂ ਨੂੰ ਮਿਨੀ ਰੋਜ਼ ਗਾਰਡਨ ਦੇ ਹਾਲਾਤਾਂ ਤੋਂ ਜਾਣੂ ਕਰਵਾਇਆ। ਇਸ ਦੌਰਾਨ ਉਨ੍ਹਾਂ ਉਥੇ ਸੈਰ ਕਰਨ ਵਾਲੇ ਲੋਕਾਂ ਤੋਂ ਰੋਜ਼ ਗਾਰਡਨ ਦੇ ਕਾਇਆ ਕਲਪ ’ਤੇ ਖਰਚ ਹੋਣ ਵਾਲੇ ਸਾਢੇ ਤਿੰਨ ਕਰੋੜ ਰੁਪਏ ਬਾਰੇ ਪੁੱਛਿਆ।
ਪ੍ਰਵੀਨ ਬਾਂਸਲ ਨੇ ਦਾਅਵਾ ਕੀਤਾ ਕਿ ਲੋਕ ਵੀ ਨਹੀਂ ਚਾਹੁੰਦੇ ਹਨ ਕਿ ਪਾਰਕ ’ਚ ਇੰਨਾ ਜ਼ਿਆਦਾ ਪੈਸਾ ਖਰਚਿਆ ਜਾਵੇ। ਇਸ ਤੋਂ ਇਲਾਵਾ ਪਾਰਕ ’ਚ ਕਮਰਸ਼ੀਅਲ ਸ਼ਾਪ ਬਣਾਏ ਜਾਣ ’ਤੇ ਵੀ ਪ੍ਰਵੀਨ ਬਾਂਸਲ ਨੇ ਇਤਰਾਜ਼ ਜਤਾਇਆ।
ਜ਼ਿਕਰਯੋਗ ਹੈ ਕਿ ਮਿਨੀ ਰੋਜ਼ ਗਾਰਡਨ ਨੂੰ ਲੈ ਕੇ ਪਹਿਲਾਂ ਵੀ ਕਈ ਵਾਰ ਸਿਆਸੀ ਵਿਵਾਦ ਹੋਏ ਹਨ। ਸਾਬਕਾ ਸਿਹਤ ਮੰਤਰੀ ਸਤਪਾਲ ਗੋਸਾਂਈ ਇਸ ਨੂੰ ਆਪਣਾ ਡਰੀਮ ਪ੍ਰਾਜੈਕਟ ਦੱਸਦੇ ਰਹੇ ਹਨ। ਇਸ ਲਈ ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਸਹਿਯੋਗੀ ਰਹੇ ਕੌਂਸਲਰ ਗੁਰਦੀਪ ਸਿੰਘ ਨੀਟੂ ਜੋ ਕਿ ਹੁਣ ਕਾਂਗਰਸ ’ਚ ਹਨ, ਨੇ ਮੰਗ ਕੀਤੀ ਸੀ ਕਿ ਕਿਦਵਈ ਨਗਰ ਸਥਿਤ ਮਿਨੀ ਰੋਜ਼ ਗਾਰਡਨ ਦਾ ਨਾਮ ਸਤਪਾਲ ਗੋਸਾਂਈ ਦੇ ਨਾਂ ’ਤੇ ਰੱਖਿਆ ਜਾਵੇ, ਪਰ ਭਾਜਪਾ ਨੇ ਇਸ ਦਾ ਵਿਰੋਧ ਕੀਤਾ ਤੇ ਕਿਹਾ ਕਿ ਸਤਪਾਲ ਗੋਸਾਂਈ ਨੇ ਇਸ ਪਾਰਕ ਦੇ ਨਾਮ ਨੂੰ ਸਵਾਮੀ ਮਹਾਂਵੀਰ ਜੈਨ ਦੇ ਨਾਂ ’ਤੇ ਰੱਖਿਆ ਸੀ ਤੇ ਹੁਣ ਇਸ ਨੂੰ ਉਨ੍ਹਾਂ ਦਾ ਨਾਮ ਕਿਵੇਂ ਦਿੱਤਾ ਜਾ ਸਕਦਾ ਹੈ।
ਕਾਂਗਰਸੀ ਵਿਧਾਇਕ ਸੁਰਿੰਦਰ ਡਾਵਰ ਨੇ ਦੋਸ਼ ਨਕਾਰੇ
ਕਾਂਗਰਸੀ ਵਿਧਾਇਕ ਸੁਰਿੰਦਰ ਡਾਵਰ ਵੀ ਮਿਨੀ ਰੋਜ਼ ਗਾਰਡਨ ਪੁੱਜ ਗਏ ਤੇ ਲੋਕਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਵਿਧਾਇਕ ਨੇ ਦਾਅਵਾ ਕੀਤਾ ਕਿ ਲੋਕ ਇਸ ਕਾਇਆ ਕਲਪ ਪ੍ਰਾਜੈਕਟ ਤੋਂ ਖੁਸ਼ ਹਨ। ਉਨ੍ਹਾਂ ਭਾਜਪਾ ਆਗੂ ਦੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਇਹ ਪ੍ਰਾਜੈਕਟ ਮੁਰੰਮਤ ਦਾ ਨਹੀਂ ਬਲਕਿ ਮਿਨੀ ਰੋਜ਼ ਗਾਰਡਨ ਦੀ ਕਾਇਆ ਕਲਪ ਕਰਨ ਦਾ, ਜਿਸ ਨੂੰ ਪੂਰੀ ਤਰ੍ਹਾਂ ਨਵੀਂ ਦਿੱਖ ਦੇਣੀ ਹੈ। ਭਾਜਪਾ ਆਗੂ ਸਿਰਫ਼ ਰਾਜਨੀਤੀ ਚਮਕਾਉਣ ਖਾਤਰ ਇਸ ਪ੍ਰਾਜੈਕਟ ’ਤੇ ਸਵਾਲ ਚੁੱਕ ਰਹੇ ਹਨ।