ਗਗਨਦੀਪ ਅਰੋੜਾ
ਲੁਧਿਆਣਾ, 4 ਦਸੰਬਰ
ਸਨਅਤੀ ਸ਼ਹਿਰ ਦੇ ਪੱਖੋਵਾਲ ਰੋਡ ’ਤੇ ਰੇਲ ਓਵਰਬ੍ਰਿਜ (ਆਰ.ਓ.ਬੀ.) ਅਤੇ ਰੇਲ ਅੰਡਰਬ੍ਰਿਜ (ਆਰ.ਯੂ.ਬੀ.) ਪ੍ਰਾਜੈਕਟ ਨਾਲ ਸਬੰਧਤ ਰੇਲਵੇ ਵਿਭਾਗ ਦੇ ਅਧਿਕਾਰੀਆਂ ਵੱਲੋਂ ਕੰਮ ਦੀ ਮੱਠੀ ਰਫਤਾਰ ’ਤੇ ਅੱਜ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਰੇਲਵੇ ਅਧਿਕਾਰੀਆਂ ਦੀ ਕਲਾਸ ਲਗਾਈ। ਮੰਤਰੀ ਆਸ਼ੂ ਨੇ ਆਰਓਬੀ ਦਾ ਦੌਰਾ ਕੀਤਾ ਤੇ ਹੌਲੀ ਰਫ਼ਤਾਰ ਵਿੱਚ ਹੋ ਰਹੇ ਇਸ ਕੰਮ ਸਬੰਧੀ ਰੇਲਵੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਲੋਕਾਂ ਦੀਆਂ ਪ੍ਰੇਸ਼ਾਨੀਆਂ ਨੂੰ ਸਮਝਣ। ਆਪਣੀ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਮੰਤਰੀ ਆਸ਼ੂ ਨੇ ਕਿਹਾ ਕਿ ਉਹ ਇਸ ਮੁੱਦੇ ਨੂੰ ਕੇਂਦਰੀ ਰੇਲ ਮੰਤਰੀ ਕੋਲ ਉਠਾਉਣਗੇ।
ਮੰਤਰੀ ਆਸ਼ੂ ਨੇ ਕਿਹਾ ਕਿ ਇਹ ਦੁੱਖ ਦੀ ਗੱਲ ਹੈ ਕਿ ਰੇਲਵੇ ਵਿਭਾਗ ਵੱਲੋਂ ਕੰਮ ਨੂੰ ਮੱਠੀ ਰਫ਼ਤਾਰ ਨਾਲ ਚਲਾਇਆ ਜਾ ਰਿਹਾ ਹੈ, ਜਿਸ ਕਾਰਨ ਆਮ ਲੋਕਾਂ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਅਗਸਤ ਵਿੱਚ ਉਤਰੀ ਰੇਲਵੇ ਦੇ ਡਿਪਟੀ ਚੀਫ਼ ਇੰਜਨੀਅਰ (ਨਿਰਮਾਣ ਡਿਵੀਜ਼ਨ) ਵਿਲੀਅਮਜੀਤ ਸਿੰਘ ਨੇ ਭਰੋਸਾ ਦਿੱਤਾ ਸੀ ਕਿ ਉਨ੍ਹਾਂ ਵੱਲੋਂ ਪੱਖੋਵਾਲ ਰੋਡ ਆਰ.ਯੂ.ਬੀ-2 ਦਾ ਹਿੱਸਾ 31 ਅਗਸਤ, 2021 ਤੱਕ ਮੁਕੰਮਲ ਕਰ ਲਿਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸ ਸਾਲ ਅਪਰੈਲ ਮਹੀਨੇ ਵਿੱਚ ਕੇਂਦਰੀ ਰੇਲ ਮੰਤਰੀ ਨਾਲ ਮੀਟਿੰਗ ਦੌਰਾਨ, ਉਨ੍ਹਾਂ ਇਸ ਪ੍ਰਾਜੈਕਟ ਨੂੰ ਜਲਦ ਮੁਕੰਮਲ ਕਰਨ ਦਾ ਭਰੋਸਾ ਦਿੱਤਾ ਸੀ ਅਤੇ ਰੇਲਵੇ ਸਟਾਫ਼ ਨੂੰ ਸਮਾਂ-ਸਾਰਨੀ ਤਿਆਰ ਕਰਨ ਅਤੇ ਬਾਅਦ ਵਿੱਚ ਹਰ ਚਾਰ ਹਫ਼ਤਿਆਂ ਬਾਅਦ ਫੋਟੋਆਂ ਸਮੇਤ ਪ੍ਰਗਤੀ ਰਿਪੋਰਟ ਪੇਸ਼ ਕਰਨ ਦੇ ਵੀ ਨਿਰਦੇਸ਼ ਦਿੱਤੇ ਸਨ। ਉਨ੍ਹਾਂ ਕਿਹਾ ਕਿ ਉਹ ਹੁਣ ਇਸ ਦੇਰੀ ਦਾ ਮੁੱਦਾ ਕੇਂਦਰੀ ਰੇਲ ਮੰਤਰੀ ਕੋਲ ਉਠਾਉਣਗੇ ਤਾਂ ਜੋ ਇਸ ਪ੍ਰਾਜੈਕਟ ਨੂੰ ਸਮੇਂ ਸਿਰ ਪੂਰਾ ਕੀਤਾ ਜਾ ਸਕੇ।
ਉਨ੍ਹਾਂ ਅਧਿਕਾਰੀਆਂ ਨੂੰ ਕੰਮ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਉਹ ਵੀ ਆਪਣੇ ਹਿੱਸੇ ਦਾ ਕੰਮ ਸਮੇਂ ਸਿਰ ਨਬੇੜਨ। ਇਸ ਮੌਕੇ ਮੇਅਰ ਬਲਕਾਰ ਸਿੰਘ ਸੰਧੂ, ਨਗਰ ਨਿਗਮ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਅਤੇ ਹੋਰ ਸੀਨੀਅਰ ਅਧਿਕਾਰੀਆਂ ਦੇ ਨਾਲ ਕੈਬਨਿਟ ਮੰਤਰੀ ਵੱਲੋਂ ਪੱਖੋਵਾਲ ਰੋਡ ਆਰ.ਓ.ਬੀ. ਅਤੇ ਆਰ.ਯੂ.ਬੀ. ਪ੍ਰਾਜੈਕਟ ਦਾ ਦੌਰਾ ਕੀਤਾ ਗਿਆ।