ਗਗਨਦੀਪ ਅਰੋੜਾ
ਲੁਧਿਆਣਾ, 9 ਜੁਲਾਈ
ਮਿਸ਼ਨ ਫ਼ਤਿਹ ਤਹਿਤ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਜ਼ਿਲ੍ਹਾ ਲੁਧਿਆਣਾ ਦੇ ਵੱਖ-ਵੱਖ ਪਿੰਡਾਂ ਵਿਚ ਸਰਪੰਚਾਂ, ਪੰਚਾਂ ਦੇ ਸਹਿਯੋਗ ਨਾਲ ਘਰ-ਘਰ ਜਾ ਕੇ ਲੋਕਾਂ ਨੂੰ ਕਰੋਨਾਵਾਇਰਸ ਬਿਮਾਰੀ ਤੋਂ ਬਚਾਓ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ, ਜਿਸ ਦੀ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਭਰਪੂਰ ਸ਼ਲਾਘਾ ਕੀਤੀ ਹੈ।
ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਪਿਊਸ਼ ਚੰਦਰ ਨੇ ਦੱਸਿਆ ਇਹ ਮੁਹਿੰਮ ਸਾਰੇ 941 ਪੰਚਾਇਤਾਂ ਵਿੱਚ ਲਗਾਤਾਰ ਜਾਰੀ ਹੈ। ਸਰਪੰਚਾਂ, ਪੰਚਾਂ ਅਤੇ ਜੀ ਓ ਜੀਜ਼ ਵੱਲੋਂ ਲੋਕਾਂ ਨੂੰ ਘਰ-ਘਰ ਜਾ ਕੇ ਜ਼ਰੂਰੀ ਸਾਵਧਾਨੀਆਂ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ ਵਿਸੇਸ਼ ਤੌਰ ’ਤੇ ਮਗਨਰੇਗਾ ਮਜਦੂਰਾਂ ਨੂੰ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਉਹ ਕੰਮ ਦੇ ਸਥਾਨ ’ਤੇ ਇਕ ਦੂਜੇ ਤੋਂ 6 ਗਜ ਦੀ ਦੂਰੀ ਬਣਾ ਕੇ ਰੱਖਣ ਅਤੇ ਹਮੇਸ਼ਾਂ ਮਾਸਕ ਜਾਂ ਕੱਪੜੇ ਨਾਲ ਆਪਣਾ ਨੱਕ ਅਤੇ ਮੂੰਹ ਢੱਕ ਕੇ ਰੱਖਣ, ਆਪਣੇ ਬਰਤਨ ਇਕ ਦੂਜੇ ਨਾਲ ਸਾਂਝੇ ਨਾ ਕਰਨ।
ਸਮਰਾਲਾ (ਡੀਪੀਐੱਸ ਬੱਤਰਾ): ਮਿਸ਼ਨ ਫਤਹਿ’ ਤਹਿਤ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿੱਚ ਐੱਨਸੀਸੀ-4 ਪੰਜਾਬ ਏਅਰ ਸੁਕੈਡਨ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਸਬੰਧੀ ਸਾਦਾ ਸਮਾਗਮ ਕਰਵਾਇਆ ਗਿਆ। ਐੱਨਸੀਸੀ ਅਫ਼ਸਰ ਵਿਨੋਦ ਰਾਵਲ ਨੇ ਦੱਸਿਆ ਕਿ ਅੱਜ ਦੇ ਇਸ ਸਮਾਗਮ ਵਿੱਚ ਆਮ ਲੋਕਾਂ ਨੂੰ ਕਰੋਨਾ ਬਿਮਾਰੀ ਤੋਂ ਬਚਾਅ ਲਈ ਊਪਾਅ ਦੱਸੇ ਗਏ। ਇਸ ਮੌਕੇ ਸਕੂਲ ਪ੍ਰਿਸੀਪਲ ਦਵਿੰਦਰ ਸਿੰਘ, ਅਮਰ ਨਾਥ ਟਾਗਰਾ ਸਾਬਕਾ ਐੱਮਸੀ, ਰਾਜੀਵ ਰਤਨ ਲੈਕ: ਕਮਿਸਟਰੀ, ਜਸਵਿੰਦਰ ਸਿੰਘ ਐੱਸਐੱਸ ਮਾਸਟਰ, ਵਰਿੰਦਰ ਢਿੱਲੋਂ ਨੇ ਆਪਣੇ ਵਿਚਾਰ ਰੱਖੇ। ਇਸੇ ਦੌਰਾਨ ਡਾਇਰੈਕਟਰ ਯੁਵਕ ਸੇਵਾਵਾਂ ਪੰਜਾਬ, ਚੰਡੀਗੜ੍ਹ ਵੱਲੋਂ ਮਾਲਵਾ ਕਾਲਜ ਬੌਂਦਲੀ-ਸਮਰਾਲਾ ਦੇ ਐੱਨਐੱਨਐੱਸ ਯੂਨਿਟ ਦੇ ਕੋਆਰਡੀਨੇਟਰ ਡਾ. ਕੁਲਵਿੰਦਰ ਕੌਰ ਦੀ ਅਗਵਾਈ ਹੇਠ ਐੱਨਐੱਨਐੱਸ ਵਲੰਟੀਅਰਾਂ ਤੇ ਰੈੱਡ ਰੀਬਨ ਕਲੱਬ ਦੇ ਮੈਂਬਰ ਵਿਦਿਆਰਥੀਆਂ ਨੇ ਲੋਕਾਂ ਨੂੰ ਜਾਗੂਰਕ ਕੀਤਾ।
ਸਕੂਲ ਦੀ ਇਮਾਰਤ ਨੂੰ ਸੈਨੇਟਾਈਜ਼ ਕੀਤਾ
ਲੁਧਿਆਣਾ (ਸਤਵਿੰਦਰ ਬਸਰਾ): ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਲੁਧਿਆਣਾ ਨੂੰ ਅੱਜ ਕੌਸਲਰ ਮਮਤਾ ਆਸ਼ੂ ਅਤੇ ਰੁਪਿੰਦਰ ਸਿੰਘ ਸੰਧੂ ਦੇ ਸਹਿਯੋਗ ਨਾਲ ਸੈਨੇਟਾਈਜ਼ ਕਰਵਾਇਆ ਗਿਆ। ਪਰਮਬੀਰ ਸਿੰਘ ਨੇ ਦੱਸਿਆ ਕਿ ਜਿੱਥੇ ਸਕੂਲ ਵੱਲੋਂ ਮਿਸ਼ਨ ਫ਼ਤਹਿ ਤਹਿਤ ਲੋਕਾਂ ਨੂੰ ਘਰ ਘਰ ਜਾ ਕੇ ਕਰੋਨਾ ਵਾਇਰਸ ਦੇ ਖਤਰੇ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ ਉੱਥੇ ਹੀ ਅੱਜ ਸਕੂਲ ਦੀ ਇਮਾਰਤ ਨੂੰ ਸੈਨੇਟਾਈਜ਼ ਕਰਵਾਇਆ ਗਿਆ। ਪ੍ਰਿੰਸੀਪਲ ਕਰਨਜੀਤ ਸਿੰਘ ਨੇ ਮਨੋਜ ਕੁਮਾਰ ਅਤੇ ਪਰਮਬੀਰ ਸਿੰਘ ਦੁਆਰਾ ਸਕੂਲ ਵੱਲੋਂ ਚਲਾਏ ਜਾ ਰਹੇ ਜਾਗਰੂਕਤਾ ਅਭਿਆਨ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਨੂੰ ਵੀ ਇੱਕ ਚੰਗਾ ਕਦਮ ਦੱਸਿਆ। ਊਨ੍ਹਾਂ ਕਰੋਨਾ ਸਬੰਧੀ ਜਾਰੀ ਹਦਾਇਤਾਂ ਦਾ ਪਾਲਣ ਕਰਨ ’ਤੇ ਵੀ ਜ਼ੋਰ ਦਿੱਤਾ।