ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 14 ਮਾਰਚ
ਪੰਜਾਬ ਵਿਧਾਨ ਸਭਾ ਚੋਣਾਂ ’ਚ ਜਿੱਤਣ ਮਗਰੋਂ ‘ਆਪ’ ਵਿਧਾਇਕ ‘ਐਕਸ਼ਨ ਮੂਡ’ ਵਿਚ ਹਨ। ਸੋਮਵਾਰ ਨੂੰ ਹਫ਼ਤੇ ਦੇ ਪਹਿਲੇ ਹੀ ਦਿਨ ਹਲਕਾ ਕੇਂਦਰੀ ਤੋਂ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਆਪਣੇ ਇਲਾਕੇ ’ਚ ਪੈਂਦੇ ਸਿਵਲ ਹਸਪਤਾਲ ਦਾ ਅਚਾਨਕ ਦੌਰਾ ਕੀਤਾ। ਵਿਧਾਇਕ ਦੇ ਅਚਾਨਕ ਪੁੱਜਣ ਦੀ ਖ਼ਬਰ ਮਿਲਦੇ ਹੀ ਸਟਾਫ਼ ’ਚ ਭਾਜੜਾਂ ਪੈ ਗਈਆਂ। ਡਾਕਟਰ ਤੇ ਹਸਪਤਾਲ ਦੇ ਅਧਿਕਾਰੀ ਉਨ੍ਹਾਂ ਕੋਲ ਪੁੱਜ ਗਏ। ਅਸ਼ੋਕ ਪਰਾਸ਼ਰ ਪੱਪੀ ਨੇ ਸਿਵਲ ਹਸਪਤਾਲ ਦਾ ਦੌਰਾ ਕੀਤਾ ਤੇ ਮਰੀਜ਼ਾਂ ਸਣੇ ਉਨ੍ਹਾਂ ਦੇ ਰਿਸ਼ਤੇਦਾਰਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਨੂੰ ਆ ਰਹੀਆਂ ਦਿੱਕਤਾਂ ਸਬੰਧੀ ਜਾਣਕਾਰੀ ਲਈ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਹ ਹਰ ਹਫ਼ਤੇ ਸਿਵਲ ਹਸਪਤਾਲ ਵਿੱਚ ਮੀਟਿੰਗ ਕਰਨਗੇ।
ਨਵੇਂ ਚੁਣੇ ਵਿਧਾਇਕ ਅਸ਼ੋਕ ਪਰਾਸ਼ਰ ਸਭ ਤੋਂ ਪਹਿਲਾਂ ਐਮਰਜੈਂਸੀ ਵਾਰਡ ’ਚ ਗਏ। ਵਿਧਾਇਕ ਨੇ ਵਾਰਡ ਵਿਚ ਜਾ ਕੇ ਮਰੀਜ਼ਾਂ ਨਾਲ ਗੱਲਬਾਤ ਕਰ ਕੇ ਸਮੱਸਿਆਵਾਂ ਸੁਣੀਆਂ। ਇਸ ਮਗਰੋਂ ਵਿਧਾਇਕ ਨੇ ਡਾਕਟਰਾਂ ਨਾਲ ਵੀ ਗੱਲਬਾਤ ਕੀਤੀ। ਮਰੀਜ਼ਾਂ ਨਾਲ ਗੱਲਬਾਤ ਦੌਰਾਨ ਸਭ ਤੋਂ ਵੱੱਧ ਸ਼ਿਕਾਇਤ ਗੰਦਗੀ ਦੀ ਕੀਤੀ ਗਈ। ਮਰੀਜ਼ਾਂ ਨੇ ਵਾਰਡਾਂ ’ਚ ਸਟਾਫ਼ ਨਰਸ ਦੇ ਨਾ ਆਉਣ ਬਾਰੇ ਵੀ ਕਿਹਾ। ਉਨ੍ਹਾਂ ਕਿਹਾ ਕਿ ਟੈਸਟ ਕਰਵਾਉਣ ’ਤੇ ਉਨ੍ਹਾਂ ਨੂੰ ਰਿਪੋਰਟਾਂ ਨਹੀਂ ਮਿਲਦੀਆਂ। ਮਰੀਜ਼ਾਂ ਦੀ ਸਮੱਸਿਆ ਸੁਣ ਕੇ ਅਸ਼ੋਕ ਪਰਾਸ਼ਰ ਪੱਪੀ ਨੇ ਕਿਹਾ ਕਿ ਉਨ੍ਹਾਂ ਦਾ ਘਰ ਹਸਪਤਾਲ ਤੋਂ ਜ਼ਿਆਦਾ ਦੂਰ ਨਹੀਂ ਹੈ, ਹੁਣ ਉਹ ਹਰ ਦੂਜੇ ਜਾਂ ਤੀਜੇ ਦਿਨ ਸਿਵਲ ਹਸਪਤਾਲ ’ਚ ਆਉਣਗੇ ਤੇ ਨਿਰੀਖਣ ਕਰਨਗੇ।
ਉਨ੍ਹਾਂ ਨੇ ਐੱਸਐੱਮਓ ਡਾ. ਅਮਰਜੀਤ ਕੌਰ ਨੂੰ ਹੁਕਮ ਦਿੱਤੇ ਹਸਪਤਾਲ ਵਿਚਲੀਆਂ ਘਾਟਾਂ ਨੂੰ ਦੂਰ ਕੀਤਾ ਜਾਵੇ। ਉਨ੍ਹਾਂ ਭਰੋਸਾ ਦਿਵਾਇਆ ਕਿ ‘ਆਪ’ ਦੀ ਸਰਕਾਰ ਸਭ ਤੋਂ ਪਹਿਲਾਂ ਸਿਹਤ ਪ੍ਰਣਾਲੀ ’ਚ ਸੁਧਾਰ ਕਰੇਗੀ।