ਖੇਤਰੀ ਪ੍ਰਤੀਨਿਧ
ਲੁਧਿਆਣਾ, 17 ਅਪਰੈਲ
ਹਲਕਾ ਲੁਧਿਆਣਾ ਉਤਰੀ ਤੋਂ ਵਿਧਾਇਕ ਮਦਨ ਲਾਲ ਬੱਗਾ ਵੱਲੋਂ ਅੱਜ ਸ਼ਹਿਰ ਦੇ ਬੇਹੱਦ ਸੰਵੇਦਨਸ਼ੀਲ ਮੁੱਦਿਆਂ ਬਾਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਖਾਸ ਮੁਲਾਕਾਤ ਕੀਤੀ ਗਈ ਅਤੇ ਇਨ੍ਹਾਂ ਮਸਲਿਆਂ ਦੇ ਨਿਪਟਾਰੇ ਸਬੰਧੀ ਚਰਚਾ ਕੀਤੀ। ਇਸ ਸਬੰਧੀ ਵਿਧਾਇਕ ਬੱਗਾ ਨੇ ਦੱਸਿਆ ਕਿ ਉਨ੍ਹਾਂ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ਬਾਰੇ ਮੁੱਖ ਮੰਤਰੀ ਨੂੰ ਜਾਣੂੰ ਕਰਵਾਇਆ। ਉਨ੍ਹਾਂ ਖਾਸ ਤੌਰ ’ਤੇ ਲੁਧਿਆਣਾ ਸ਼ਹਿਰ ਵਿੱਚ ਵਗਦੇ ਬੁੱਢੇ ਨਾਲੇ ਨੂੰ ਬੁੱਢੇ ਦਰਿਆ ਵਿੱਚ ਤਬਦੀਲ ਕਰਨ ਲਈ ਇਸ ਦੇ ਨਵੀਨੀਕਰਨ ਅਤੇ ਸੁੰਦਰੀਕਰਨ ਕਰਨ ’ਤੇ ਵਿਚਾਰ ਚਰਚਾ ਕੀਤੀ। ਉਨ੍ਹਾਂ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਕਿ ਲੁਧਿਆਣਾ ਇੱਕ ਉਦਯੋਗਿਕ ਸ਼ਹਿਰ ਹੈ। ਮੌਜੂਦਾ ਸਮੇਂ ਵਿੱਚ ਭਾਰਤ ਦੇ ਹਰ ਸੂਬੇ ਵਿੱਚੋਂ ਲੋਕ ਆਪਣੀ ਰੋਜ਼ੀ-ਰੋਟੀ ਲਈ ਇੱਥੇ ਕੰਮ ਕਰਦੇ ਹਨ, ਜਿਸ ਦੇ ਤਹਿਤ ਹੋਰਨਾਂ ਜ਼ਿਲ੍ਹਿਆਂ ਦੇ ਮੁਕਾਬਲੇ ਇੱਥੇ ਆਬਾਦੀ ਵੀ ਜ਼ਿਆਦਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਵਸਨੀਕਾਂ ਦੀ ਆਬਾਦੀ ਦਾ ਮੁਲਾਂਕਣ ਕੀਤਾ ਜਾਵੇ ਤਾਂ ਉਸ ਦੇ ਅਨੁਸਾਰ ਸ਼ਹਿਰ ਦੇ ਵੱਖ-ਵੱਖ ਥਾਣਿਆਂ ਵਿੱਚ ਤਾਇਨਾਤ ਪੁਲੀਸ ਫੋਰਸ ਦੀ ਗਿਣਤੀ ਕਾਫੀ ਘੱਟ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਅਪੀਲ ਕਰਦਿਆਂ ਕਿਹਾ ਕਿ ਸ਼ਹਿਰ ਵਿੱਚ ਅਮਨ ਸ਼ਾਂਤੀ ਨੂੰ ਬਰਕਰਾਰ ਰੱਖਣ ਲਈ ਥਾਣਿਆਂ ਵਿੱਚ ਪੁਲੀਸ ਫੋਰਸ ਨੂੰ ਤੁਰੰਤ ਵਧਾਇਆ ਜਾਵੇ। ਵਿਧਾਇਕ ਸ੍ਰੀ ਬੱਗਾ ਨੇ ਦੱਸਿਆ ਕਿ ਵੱਖ-ਵੱਖ ਵਿਸ਼ਿਆਂ ’ਤੇ ਕੀਤੇ ਵਿਚਾਰ ਵਟਾਂਦਰਿਆਂ ਨੂੰ ਮੁੱਖ ਮੰਤਰੀ ਵਲੋਂ ਹਰ ਪੱਖੋਂ ਮਦਦ ਦੇਣ ਦਾ ਭਰੋਸਾ ਦਿੱਤਾ ਗਿਆ ਹੈ।