ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 5 ਸਤੰਬਰ
ਪੱਖੋਵਾਲ ਰੋਡ ’ਤੇ ਰੇਲ ਓਵਰਬਰਿੱਜ (ਆਰਓਬੀ) ਦੇ ਡਿਜ਼ਾਈਨ ਸਬੰਧੀ ਕਾਫੀ ਸਮੇਂ ਤੋਂ ਪ੍ਰੇਸ਼ਾਨ ਲੋਕਾਂ ਦੀ ਮੰਗ ’ਤੇ ਅੱਜ ਵਿਧਾਨ ਸਭਾ ਹਲਕਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਨੇ ਇਸ ਦਾ ਡਿਜ਼ਾਈਨ ਬਦਲਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਹੀਰੋ ਬੇਕਰੀ ਚੌਕ ਤੋਂ ਐੱਚਡੀਐੱਫਸੀ ਤੱਕ ਦਾ ਰੋਡ ਕੁਝ ਦਿਨਾਂ ਲਈ ਬੰਦ ਕੀਤਾ ਗਿਆ ਹੈ, ਜੋ ਰਾਹਗੀਰਾਂ ਦੀ ਸਹੂਲਤ ਲਈ ਜਲਦ ਖੋਲ੍ਹ ਦਿੱਤਾ ਜਾਵੇਗਾ। ਨਗਰ ਨਿਗਮ ਅਤੇ ਹੋਰ ਸਬੰਧਤ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਵਿਧਾਇਕ ਗੋਗੀ ਨੇ ਅੱਜ ਨਿਰਮਾਣ ਕਾਰਜ ਵਾਲੀ ਜਗ੍ਹਾ ਦਾ ਦੌਰਾ ਕੀਤਾ ਅਤੇ ਸਬੰਧਤ ਅਧਿਕਾਰੀਆਂ ਨੂੰ ਸਖ਼ਤ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਬਾਅਦ ਵਿੱਚ ਵਿਧਾਇਕ ਵੱਲੋਂ ਸ੍ਰੀ ਕ੍ਰਿਸ਼ਨਾ ਮੰਦਿਰ ਦੇ ਪਿੱਛੇ ਵਾਲੀ ਆਰਐੱਮਸੀ ਰੋਡ ਦਾ ਉਦਘਾਟਨ ਵੀ ਕੀਤਾ ਗਿਆ। ਇਸ ’ਤੇ ਕਰੀਬ 25 ਲੱਖ ਰੁਪਏ ਦੀ ਲਾਗਤ ਆਵੇਗੀ।