ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 8 ਅਕਤੂਬਰ
ਵਿਧਾਨ ਸਭਾ ਹਲਕਾ ਕੇਂਦਰੀ ਤੋਂ ਵਿਧਾਇਕ ਸੁਰਿੰਦਰ ਡਾਵਰ ਨੇ ਆਪਣੇ ਕੌਂਸਲਰਾਂ ਨਾਲ ਮਿਲ ਕੇ ਮੇਅਰ ਬਲਕਾਰ ਸਿੰਘ ਸੰਧੂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਮੇਅਰ ਨੂੰ ਕਿਹਾ ਕਿ ਉਨ੍ਹਾਂ ਨੇ ਦੁਬਾਰਾ ਫਿਰ ਕੇਂਦਰੀ ਹਲਕੇ ਤੋਂ ਚੋਣਾਂ ਲੜਨੀਆਂ ਹਨ, ਅਗਰ ਕਾਂਗਰਸ ਸਰਕਾਰ ਹੁੰਦੇ ਹੋਏ ਵੀ ਉਨ੍ਹਾਂ ਦੇ ਕੰਮ ਨਹੀਂ ਹੋਏ ਤਾਂ ਉਹ ਲੋਕਾਂ ਨੂੰ ਕੀ ਜਵਾਬ ਦੇਣਗੇ। ਉਨ੍ਹਾਂ ਕਿਹਾ ਕਿ ਕੇਂਦਰੀ ਹਲਕੇ ’ਚ ਵਿਕਾਸ ਕਾਰਜ ਅਧੂਰੇ ਪਏ ਹਨ। ਕੂੜਾ ਸਮੇਂ ’ਤੇ ਲਿਫ਼ਟ ਨਾ ਹੋਣ ’ਤੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਿਗਮ ਦੀ ਇਸ ਕਾਰਗੁਜ਼ਾਰੀ ਤੋਂ ਵਿਧਾਇਕ ਸੁਰਿੰਦਰ ਡਾਬਰ ਕਾਫ਼ੀ ਖਫ਼ਾ ਹਨ। ਉਨ੍ਹਾਂ ਨੇ ਹਲਕੇ ਦੇ ਕੌਂਸਲਰਾਂ ਨੂੰ ਨਾਲ ਲੈ ਕੇ ਮੇਅਰ ਬਲਕਾਰ ਸੰਧੂ ਦੇ ਕੈਂਪ ਦਫ਼ਤਰ ਪੁੱਜੇ ਤੇ ਆਪਣੇ ਹਲਕੇ ਦੇ ਵਾਰਡਾਂ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਮੇਅਰ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਇਸ ਮਹੀਨੇ ਦੇ ਅਖੀਰ ਤੱਕ ਸ਼ਹਿਰ ਦੇ ਸਾਰੇ ਬਕਾਇਆ ਕੰਮ ਪੂਰੇ ਕਰਨ ਦੇ ਹੁਕਮ ਅਫ਼ਸਰਾਂ ਨੂੰ ਜਾਰੀ ਕਰ ਦਿੱਤੇ ਜਾਣਗੇ। ਵਿਧਾਇਕ ਡਾਵਰ ਨੇ ਦੱਸਿਆ ਕਿ ਉਨ੍ਹਾਂ ਦੇ ਹਲਕੇ ਦੇ ਵਾਰਡਾਂ ’ਚ ਜੋ 15 ਫੀਸਦੀ ਨਵੀਂ ਸਟਰੀਟ ਲਾਈਟਾਂ ਲਾਈਆਂ ਜਾਣੀਆਂ ਹਨ, ਉਨ੍ਹਾਂ ਨੂੰ ਜਲਦੀ ਲਾਇਆ ਜਾਵੇ। ਕਈ ਇਲਾਕਿਆਂ ’ਚ ਸਟਰੀਟ ਲਾਈਟਾਂ ਨਾ ਹੋਣ ਕਾਰਨ ਲੋਕਾਂ ਨੂੰ ਖਾਸੀ ਦਿੱਕਤ ਆ ਰਹੀ ਹੈ। ਇਲਾਕੇ ਦੇ ਜ਼ਿਆਦਾਤਰ ਵਿਕਾਸ ਕਾਰਜ ਦੇਰੀ ਨਾਲ ਚੱਲਣ ਕਾਰਨ ਲੋਕ ਪ੍ਰੇਸ਼ਾਨ ਹਨ।