ਗਗਨਦੀਪ ਅਰੋੜਾ
ਲੁਧਿਆਣਾ, 27 ਜਨਵਰੀ
ਸਨਅਤੀ ਸ਼ਹਿਰ ਦੇ ਹਲਕਾ ਕੇਂਦਰੀ ਤੋਂ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਸੁਰਿੰਦਰ ਡਾਵਰ ਦੀ ਜਾਇਦਾਦ ਇਸ ਵਾਰ ਵੱਧ ਗਈ ਹੈ। ਵੀਰਵਾਰ ਨੂੰ ਵਿਧਾਇਕ ਸੁਰਿੰਦਰ ਡਾਵਰ ਨੇ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕੀਤੇ। ਇਸ ’ਚ ਉਸ ਦੀ ਜਾਇਦਾਦ 24 ਕਰੋੜ ਰੁਪਏ ਕਰੀਬ ਦੱਸੀ ਜਾ ਰਹੀ ਹੈ. ਜਦੋਂ ਕਿ ਉਨ੍ਹਾਂ ਦੇ ਕੋਲ ਕਰੋੜ ਤੋਂ ਉਪਰ ਦੀ ਕੀਮਤ ਦੇ ਸੋਨੇ ਚਾਂਦੀ ਦੇ ਗਹਿਣੇ ਹਨ, ਪਰ ਹੈਰਾਨੀ ਦੀ ਗੱਲ ਹੈ ਕਿ ਉਨ੍ਹਾਂ ਕੋਲ ਆਪਣੀ ਕੋਈ ਕਾਰ ਨਹੀਂ ਹੈ। ਇਨ੍ਹਾਂ ਹੀ ਨਹੀਂ ਉਨ੍ਹਾਂ ਦੀ ਪਤਨੀ ਨੀਲਮ ਡਾਵਰ ਵੀ ਕੋਈ ਘੱਟ ਅਮੀਰ ਨਹੀਂ ਹੈ। ਉਨ੍ਹਾਂ ਕੋਲ ਵੀ ਕਰੀਬ 10 ਕਰੋੜ ਦੀ ਜਾਇਦਾਦ ਹੈ। ਜੇਕਰ ਅੰਦਾਜ਼ਾ ਲਾਇਆ ਜਾਵੇ ਤਾਂ ਪਤੀ-ਪਤਨੀ 2017 ਤੋਂ ਇਸ ਵਾਰ ਜ਼ਿਆਦਾ ਅਮੀਰ ਹਨ। ਉਨ੍ਹਾਂ ਦੀ ਪਤਨੀ ਕੋਲ ਵੀ ਕਰੀਬ 90 ਲੱਖ ਦੇ ਗਹਿਣੇ ਹਨ। ਵਿਧਾਇਕ ਸੁਰਿੰਦਰ ਡਾਵਰ ਨੇ ਖੁਦ ਨੂੰ ਕਰੀਬ 23 ਲੱਖ ਰੁਪਏ ਦਾ ਕਰਜ਼ਦਾਰ ਵੀ ਦੱਸਿਆ ਹੈ, ਉਨ੍ਹਾਂ ਦੀ ਪਤਨੀ ਕਰੀਬ 1 ਕਰੋੜ ਸਾਢੇ 31 ਲੱਖ ਦੀ ਕਰਜ਼ਦਾਰ ਹੈ। ਸ੍ਰੀ ਡਾਵਰ ਵੱਲੋਂ ਚੋਣ ਕਮਿਸ਼ਨਰ ਨੂੰ ਦਿੱਤੀ ਗਈ ਜਾਣਕਾਰੀ ਅਨੁਸਾਰ 4 ਕਰੋੜ 31 ਲੱਖ 71 ਹਜ਼ਾਰ 265 ਦੀ ਚੱਲ ਜਾਇਦਾਦ ਹੈ। ਉਨ੍ਹਾਂ ਕੋਲ 2 ਲੱਖ 62 ਹਜ਼ਾਰ ਕੈਸ਼, ਬੈਂਕ ’ਚ 20 ਲੱਖ 36 ਹਜ਼ਾਰ 238 ਰੁਪਏ, 88 ਲੱਖ 51 ਰੁਪਏ ਦਾ 1 ਕਿਲੋ 788 ਗ੍ਰਾਮ ਸੋਨਾ ਅਤੇ 19 ਲੱਖ ਰੁਪਏ ਦੀ ਕੀਮਤ ਦੀ ਚਾਂਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦਾ ਇੱਕ ਡਾਇੰਗ ਯੂਨਿਟ ’ਚ 1 ਕਰੋੜ 39 ਲੱਖ 45 ਹਜ਼ਾਰ 847 ਰੁਪਏ ਦਾ ਹਿੱਸਾ ਵੀ ਹੈ। ਇਸੇ ਤਰ੍ਹਾਂ ਪਤਨੀ ਦੀ ਚੱਲ ਜਾਇਦਾਦ 2 ਕਰੋੜ 65 ਲੱਖ 39 ਹਜ਼ਾਰ 131 ਰੁਪਏ ਹੈ। ਉਨ੍ਹਾਂ ਕੋਲ 29000 ਕੈਸ਼, ਬੈਂਕ ’ਚ 54 ਲੱਖ 71 ਹਜ਼ਾਰ 684 ਰੁਪਏ ਹਨ, ਇਸ ਤੋਂ ਇਲਾਵਾ 77 ਲੱਖ 14 ਹਜ਼ਾਰ ਦੀ ਕੀਮਤ ਦਾ 1 ਕਿੱਲੋ 588 ਗ੍ਰਾਮ ਸੋਨਾ ਅਤੇ 12 ਲੱਖ 57 ਹਜ਼ਾਰ ਰੁਪਏ ਦੀ ਚਾਂਦੀ ਤੇ 11 ਲੱਖ ਰੁਪਏ ਦੇ ਹੀਰੇ ਸ਼ਾਮਲ ਹਨ। ਇਸ ਤੋਂ ਇਲਾਵਾ ਡਾਵਰ 19 ਕਰੋੜ 95 ਲੱਖ ਰੁਪਏ ਦੀ ਅਚੱਲ ਜਾਇਦਾਦ ਹੈ ਤੇ ਪਤਨੀ ਕੋਲ 7 ਕਰੋੜ 64 ਲੱਖ ਦੀ ਅਚੱਲ ਜਾਇਦਾਦ ਹੈ।
ਸੁਰਿੰਦਰ ਡਾਵਰ ਦੀ ਜਾਇਦਾਦ 6 ਕਰੋੜ ਵਧੀ
2017 ’ਚ ਉਨ੍ਹਾਂ ਵੱਲੋਂ ਕੇਂਦਰੀ ਹਲਕੇ ਤੋਂ ਹੀ ਚੋਣ ਲੜੀ ਗਈ ਸੀ ਤਾਂ ਉਹ 18 ਕਰੋੜ ਦੀ ਚੱਲ ਅਚੱਲ ਜਾਇਦਾਦ ਦੇ ਮਾਲਕ ਸਨ, ਉਨ੍ਹਾਂ ਕੋਲ 2 ਕਰੋੜ 61 ਲੱਖ 7 ਹਜ਼ਾਰ 789 ਰੁਪਏ ਚੱਲ ਜਾਇਦਾਦ ਤੇ ਪਤਨੀ ਕੋਲ 1 ਕਰੋੜ 25 ਲੱਖ 57 ਹਜ਼ਾਰ 688 ਰੁਪਏ ਦੀ ਚੱਲ ਜਾਇਦਾਦ ਸੀ। ਇਸ ਤੋਂ ਇਲਾਵਾ ਡਾਵਰ ਕੋਲ 16 ਕਰੋੜ 60 ਲੱਖ ਰੁਪਏ ਦੀ ਅਚੱਲ ਜਾਇਦਾਦ ਤੇ ਪਤਨੀ ਕੋਲ 8 ਕਰੋੜ 19 ਲੱਖ 99 ਹਜ਼ਾਰ ਦੀ ਅਚੱਲ ਜਾਇਦਾਦ ਸੀ। ਉਦੋਂ ਵੀ ਉਨ੍ਹਾਂ ਦੇ ਉਪਰ 31 ਲੱਖ 90 ਹਜ਼ਾਰ ਦਾ ਕਰਜ਼ਾ ਸੀ ਅਤੇ ਪਤਨੀ ’ਤੇ 1 ਕਰੋੜ 79 ਲੱਖ ਦਾ ਕਰਜ਼ਾ ਸੀ।