ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 7 ਦਸੰਬਰ
ਸਮਰਾਲਾ ਹਲਕਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਅਤੇ ਉਨ੍ਹਾਂ ਦੇ ਪੋਤਰੇ ਪੰਜਾਬ ਸਟੇਟ ਟਰਾਂਸਮਿਸ਼ਨ ਕਾਰੋਪਰੇਸ਼ਨ ਦੇ ਡਾਇਰੈਕਟਰ/ ਪ੍ਰਬੰਧਕ ਕਰਨਵੀਰ ਸਿੰਘ ਢਿੱਲੋਂ ਨੇ ਸੰਯੁਕਤ ਰੂਪ ਵਿਚ ਮਾਛੀਵਾੜਾ ਬਲਾਕ ਦੇ 24 ਪਿੰਡਾਂ ਨੂੰ 1 ਕਰੋੜ 3 ਲੱਖ ਰੁਪਏ ਦੀਆਂ ਗ੍ਰਾਂਟਾਂ ਵੰਡੀਆਂ।
ਮਾਛੀਵਾੜਾ ਬਲਾਕ ਪੰਚਾਇਤ ਦਫ਼ਤਰ ਵਿਚ ਕਰਵਾਏ ਗਏ ਸਮਾਰੋਹ ਦੌਰਾਨ ਪੰਚਾਇਤਾਂ ਨੂੰ ਇਹ ਗ੍ਰਾਂਟਾ ਦੇ ਚੈੱਕ ਸੌਂਪਦਿਆਂ ਵਿਧਾਇਕ ਢਿੱਲੋਂ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਵਿਕਾਸ ਲਈ ਭੇਜੀਆਂ ਨਵੀਆਂ ਗ੍ਰਾਂਟਾ ਤਹਿਤ ਅੱਜ ਇਹ ਰਕਮ ਵੰਡੀ ਗਈ ਹੈ। ਵਿਧਾਇਕ ਢਿੱਲੋਂ ਨੇ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਕੁਝ ਹੀ ਦਿਨਾਂ ’ਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਜ਼ਾਬਤਾ ਲੱਗ ਸਕਦਾ ਹੈ, ਇਸ ਲਈ ਗ੍ਰਾਂਟ ਨਾਲ ਸਬੰਧਿਤ ਵਿਕਾਸ ਕਾਰਜ ਤੁਰੰਤ ਸ਼ੁਰੂ ਕਰਵਾ ਦਿੱਤੇ ਜਾਣ।
ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਸਰਕਾਰ ਦੇ 5 ਸਾਲਾਂ ਕਾਰਜਕਾਲ ਦੌਰਾਨ ਮਾਛੀਵਾੜਾ ਬਲਾਕ ਦੇ ਪਿੰਡਾਂ ’ਚ ਵਿਕਾਸ ਕਾਰਜਾਂ ਲਈ ਗ੍ਰਾਂਟਾ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਅਤੇ ਹੁਣ ਲੋਕ ਵੀ ਉਨ੍ਹਾਂ ਦਾ ਸਾਥ ਦੇਣ।
ਬਿਜਲੀ ਦੇ ਤਿੰਨ ਨਵੇਂ ਗਰਿੱਡ ਲਗਾਉਣ ਦੀ ਤਜਵੀਜ਼
ਪੰਜਾਬ ਸਟੇਟ ਟਰਾਂਸਮਿਸ਼ਨ ਕਾਰੋਪਰੇਸ਼ਨ ਦੇ ਨਵੇਂ ਚੁਣੇ ਡਾਇਰੈਕਟਰ/ ਪ੍ਰਬੰਧਕ ਕਰਨਵੀਰ ਸਿੰਘ ਢਿੱਲੋਂ ਨੇ ਦੱਸਿਆ ਕਿ ਹਲਕਾ ਸਮਰਾਲਾ ’ਚ 3 ਨਵੇਂ 66 ਕੇਵੀ ਦੇ ਬਿਜਲੀ ਗਰਿੱਡ ਲਗਾਉਣ ਦੀ ਤਜਵੀਜ਼ ਤਿਆਰ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਬੇਟ ਖੇਤਰ ’ਚ ਬਿਜਲੀ ਸਪਲਾਈ ’ਚ ਸੁਧਾਰ ਲਿਆਉਣ ਲਈ ਸੈਸੋਂਵਾਲ ਕਲਾਂ ਵਿਚ ਇੱਕ ਬਿਜਲੀ ਗਰਿੱਡ ਲਗਾਇਆ ਜਾਵੇਗਾ ਅਤੇ ਉਸ ਤੋਂ ਇਲਾਵਾ ਇੱਕ ਸਮਰਾਲਾ ਸ਼ਹਿਰ ਦੇ ਪਿੰਡ ਨੇੜੇ ਇੱਕ ਹੋਰ ਗਰਿੱਡ ਲਈ ਜਗ੍ਹਾ ਦੇਖੀ ਜਾ ਰਹੀ ਹੈ।