ਪੱਤਰ ਪ੍ਰੇਰਕ
ਮਾਛੀਵਾੜਾ, 16 ਜਨਵਰੀ
ਹਲਕਾ ਸਾਹਨੇਵਾਲ ਤੋਂ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ ਦੇ ਸਪੁੱਤਰ ਅਤੇ ਯੂਥ ਅਕਾਲੀ ਆਗੂ ਸਿਮਰਨਜੀਤ ਸਿੰਘ ਢਿੱਲੋਂ ਨੇ ਇਸ ਹਲਕੇ ਤੋਂ ‘ਆਪ’ ਦੇ ਉਮੀਦਵਾਰ ਹਰਦੀਪ ਸਿੰਘ ਮੁੰਡੀਆਂ ਨੂੰ ਖ਼ਰੀਆਂ-ਖ਼ਰੀਆਂ ਸੁਣਾਉਂਦਿਆਂ ਕਿਹਾ ਕਿ ਪੋਸਟਰ ਖੋਹਣ ਅਤੇ ਧਮਕੀਆਂ ਦੇਣ ਦੇ ਝੂਠੇ ਦੋਸ਼ ਲਗਾ ਕੇ ਸੋੜੀ ਰਾਜਨੀਤੀ ਨਾ ਕਰੋ। ਸਿਮਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਉਹ ਤਾਂ ਕਰੋਨਾ ਪਾਜ਼ੇਟਿਵ ਹੋਣ ਕਾਰਨ ਘਰ ਵਿੱਚ ਬੈਠੇ ਹਨ ਅਤੇ ਫਿਰ ਉਨ੍ਹਾਂ ਦੇ ਸਮਰਥਕਾਂ ਨੂੰ ਕੌਣ ਧਮਕਾ ਗਿਆ। ਸਿਮਰਨਜੀਤ ਢਿੱਲੋਂ ਨੇ ਕਿਹਾ ਕਿ ਕਰ ਹਰਦੀਪ ਸਿੰਘ ਮੁੰਡੀਆਂ ਉਨ੍ਹਾਂ ਨੂੰ ਮਿਲੀਆਂ ਧਮਕੀਆਂ ਸਬੰਧੀ ਕੋਈ ਇੱਕ ਵੀ ਸਬੂਤ ਪੇਸ਼ ਕਰ ਦੇਵੇ ਤਾਂ ਢਿੱਲੋਂ ਪਰਿਵਾਰ ਹਲਕੇ ਤੋਂ ਚੋਣ ਨਹੀਂ ਲੜੇਗਾ। ਸਿਮਰਨਜੀਤ ਢਿੱਲੋਂ ਨੇ ਕਿਹਾ ਕਿ ਉਹ ‘ਆਪ’ ਉਮੀਦਵਾਰ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਹਨ ਕਿ ਜੇਕਰ ਉਨ੍ਹਾਂ ਖਿਲਾਫ਼ ਕੋਈ ਸਬੂਤ ਹੈ ਤਾਂ ਉਹ ਜਨਤਕ ਕਰਨ। ਉਨ੍ਹਾਂ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣ ਨਤੀਜਿਆਂ ਨੇ ਸਚਾਈ ਦੱਸ ਦੇਣੀ ਹੈ, ਇਸ ਲਈ ਉਹ ਅਪੀਲ ਕਰਦੇ ਹਨ ਕਿ ਜੇਕਰ ਉਨ੍ਹਾਂ ’ਤੇ ਲਗਾਏ ਦੋਸ਼ਾਂ ਸਬੰਧੀ ਸਬੂਤ ਹਨ ਤਾਂ ਉਹ ਜਨਤਕ ਜ਼ਰੂਰ ਕਰਨ।