ਗਗਨਦੀਪ ਅਰੋੜਾ
ਲੁਧਿਆਣਾ, 11 ਅਪਰੈਲ
ਸਥਾਨਕ ਸਿੱਧਵਾਂ ਨਹਿਰ (ਨੇੜੇ ਜਵੱਦੀ ਪੁਲ) ਦੇ ਨਾਲ-ਨਾਲ ਦੱਖਣੀ ਬਾਈਪਾਸ ’ਤੇ ਰੋਡ ’ਤੇ ਪਿਛਲੇ ਕਾਫ਼ੀ ਸਮੇਂ ਤੋਂ ਸੜਕ ਦਾ ਕੱਟ ਬੰਦ ਸੀ, ਜਿਸ ਨੂੰ ਖੁੱਲ੍ਹਵਾਉਣ ਦੇ ਲੋਕਾਂ ਦੀ ਕਾਫ਼ੀ ਚਿਰ ਤੋਂ ਮੰਗ ਸੀ। ਅੱਜ ਹਲਕਾ ਪੱਛਮੀ ਦੇ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਨੇ ਪ੍ਰਸ਼ਾਸਨ ਦੇ ਨਾਲ ਇਸ ਕੱਟ ਨੂੰ ਖੁੱਲ੍ਹਵਾਇਆ।ਇਸ ਮੌਕੇ ਇਲਾਕਾ ਵਾਸੀ ਹਾਜ਼ਰ ਸਨ, ਜਿਨ੍ਹਾਂ ਨੇ ਚਿਰੋਕਣੀ ਮੰਗ ਨੂੰ ਪੂਰਾ ਕਰਨ ’ਤੇ ਵਿਧਾਇਕ ਦਾ ਧੰਨਵਾਦ ਕੀਤਾ। ਸ੍ਰੀ ਗੋਗੀ ਨੇ ਦੱਸਿਆ ਕਿ ਜਵੱਦੀ, ਕੈਨਾਲ ਐਵੀਨਿਊ ਆਦਿ ਇਲਾਕਿਆਂ ਵਿੱਚ ਵਸਦੇ ਵੱਡੀ ਗਿਣਤੀ ਵਾਸੀਆਂ ਨੂੰ ਯੂ-ਟਰਨ ਲੈਣ ਲਈ ਲੰਬਾ ਸਫ਼ਰ ਤੈਅ ਕਰਨਾ ਪੈਂਦਾ ਸੀ ਅਤੇ ਇਸ ਸੜਕ ਦੇ ਕੱਟ ਨੂੰ ਖੋਲ੍ਹਣ ਦੀ ਲੰਮੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਦੱਖਣੀ ਬਾਈਪਾਸ ’ਤੇ ਜਾਣ ਵਾਲੇ ਅਤੇ ਫਿਰੋਜ਼ਪੁਰ ਰੋਡ ਵਾਲੇ ਪਾਸੇ ਤੋਂ ਆਉਣ ਵਾਲੇ ਵਿਅਕਤੀ ਨੂੰ ਜਵੱਦੀ ਅਤੇ ਹੋਰ ਆਸ-ਪਾਸ ਦੇ ਇਲਾਕਿਆਂ ਵੱਲ ਯੂ-ਟਰਨ ਲੈਣ ਲਈ ਦੁੱਗਰੀ ਤੱਕ ਦਾ ਪੈਂਡਾ ਤੈਅ ਕਰਨਾ ਪੈਂਦਾ ਸੀ। ਉਨ੍ਹਾਂ ਕਿਹਾ ਕਿ ਇਸ ਸੜਕ ਦੇ ਕੱਟ ਦੇ ਖੁੱਲ੍ਹਣ ਨਾਲ ਹਾਦਸੇ ਨਾ ਵਾਪਰਨ ਨੂੰ ਯਕੀਨੀ ਬਣਾਉਣ ਲਈ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਸੜਕ ਦੇ ਦੋਵੇਂ ਪਾਸੇ ਸਪੀਡ ਬ੍ਰੇਕਰ ਬਣਾਉਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਟਰੈਫਿਕ ਪੁਲੀਸ ਨੂੰ ਵੀ ਇਸ ਕੱਟ ’ਤੇ ਟ੍ਰੈਫਿਕ ਲਾਈਟਾਂ ਲਗਾ ਕੇ ਪੱਕੇ ਤੌਰ ’ਤੇ ਟ੍ਰੈਫਿਕ ਪੁਲੀਸ ਮੁਲਾਜ਼ਮ ਤਾਇਨਾਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।