ਪੱਤਰ ਪ੍ਰੇਰਕ
ਪਾਇਲ, 6 ਮਈ
ਇੱਥੋਂ 2 ਕਿਲੋਮੀਟਰ ਦੂਰ ਪਿੰਡ ਜੱਲਾ ਵਿੱਚ ਕਰੀਬ ਪਿਛਲੇ 4 ਸਾਲਾਂ ਤੋਂ ਬੰਦ ਪਈ ਪਸ਼ੂ ਡਿਸਪੈਂਸਰੀ ਨੂੰ ਹਲਕਾ ਵਿਧਾਇਕ ਇੰਜਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਦੇ ਉਪਰਾਲੇ ਸਦਕਾ ਅੱਜ ਮੁੜ ਚਾਲੂ ਕਰਵਾਈ ਗਈ ਹੈ, ਜਿੱਥੇ ਪਸ਼ੂ ਡਿਸਪੈਂਸਰੀ ਦੇ ਚਾਲੂ ਹੋਣ ਕਾਰਨ ਪੇਂਡੂ ਗਰੀਬ ਪਸ਼ੂ ਪਾਲਕਾਂ ਨੇ ਸੁੱਖ ਦਾ ਸਾਹ ਲਿਆ ਹੈ, ਉੱਥੇ ਉਨ੍ਹਾਂ ਨੂੰ ਇਲਾਜ ਲਈ ਪਸ਼ੂ ਦੂਰ-ਦੁਰਾਡੇ ਪਸ਼ੂ ਲਿਜਾਣ ਤੋਂ ਵੀ ਨਿਜ਼ਾਤ ਮਿਲੀ ਹੈ।
ਇਸ ਮੌਕੇ ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਲੰਮੇ ਸਮੇਂ ਤੋਂ ਬੰਦ ਪਈ ਪਸ਼ੂ ਡਿਸਪੈਂਸਰੀ ਨੂੰ ਚਾਲੂ ਕਰਵਾਇਆ ਗਿਆ ਹੈ, ਰੋਜ਼ਾਨਾ ਪਸ਼ੂਆਂ ਦੀਆਂ ਬਿਮਾਰੀਆਂ ਦੇ ਇਲਾਜ ਲਈ ਡਾਕਟਰ ਤੇ ਸਹਾਇਕ ( ਹੈਲਪਰ) ਆਪਣੀਆਂ ਸੇਵਾਵਾਂ ਨਿਰੰਤਰ ਜਾਰੀ ਰੱਖਣਗੇ। ਇਸ ਮੌਕੇ ਹਲਕਾ ਵਿਧਾਇਕ ਗਿਆਸਪੁਰਾ ਦਾ ਆੜਤੀ ਏਪੀ ਜੱਲਾ, ਅਮਰਜੀਤ ਸਿੰਘ ਗਿੱਲ ਅਤੇ ਸਮੂਹ ਪਿੰਡ ਵਾਸੀਆਂ ਨੇ ਬੰਦ ਪਈ ਪਸ਼ੂ ਡਿਸਪੈਂਸਰੀ ਨੂੰ ਚਾਲੂ ਕਰਵਾਉਣ ਤੇ ਧੰਨਵਾਦ ਕੀਤਾ। ਇਸ ਸਮੇਂ ਪ੍ਰਧਾਨ ਮੇਵਾ ਸਿੰਘ ਜੱਲਾ, ਬਾਬਾ ਸੁਰਿੰਦਰ ਸਿੰਘ, ਦਲਜੀਤ ਸਿੰਘ ਕਾਲੀ, ਅੰਤਰਜੋਤ ਸਿੰਘ, ਮੋਹਣਪਰੀਤ ਸਿੰਘ ਬੈਂਸ, ਡਾ. ਕਿਰਪਾਲ ਸਿੰਘ ਹਾਜ਼ਰ ਸਨ।
ਵਿਧਾਇਕ ਵੱਲੋਂ ਕਮੇਟੀ ਅਧਿਕਾਰੀਆਂ ਨਾਲ ਮੀਟਿੰਗ
ਪਾਇਲ: ਇੱਥੇ ਅਧੂਰੇ ਪਏ ਵਿਕਾਸ ਕਾਰਜ਼ਾਂ ਨੂੰ ਨੇਪਰੇ ਚਾੜ੍ਹਨ ਲਈ ਨਗਰ ਕੌਂਸਲ ਪਾਇਲ ਦੇ ਪ੍ਰਧਾਨ ਮਲਕੀਤ ਸਿੰਘ ਗੋਗਾ, ਕਾਰਜਸਾਧਕ ਅਫ਼ਸਰ ਅਤੇ ਸਮੂਹ ਕੌਂਸਲਰਾਂ ਦੀ ਮੀਟਿੰਗ ਬੁਲਾਈ ਗਈ, ਜਿਸ ਵਿੱਚ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵਿਸ਼ੇਸ ਤੌਰ ’ਤੇ ਪੁੱਜੇ। ਇਸ ਮੌਕੇ ਵਿਧਾਇਕ ਗਿਆਸਪੁਰਾ ਵੱਲੋਂ ਗੰਦੇ ਪਾਣੀ ਦੀ ਸਮੱਸਿਆ ਨੂੰ ਹੱਲ ਕਰਨ ਬੰਦ ਪਿਆ ਟਰੀਂਟਮੈਟ ਪਲਾਂਟ ਚਲਾਉਣਾ, ਓਵਰਫਲੋਅ ਹੋਏ ਟੋਭਿਆਂ ਦੀ ਸਾਫ ਸਫਾਈ ਕਰਵਾਉਣਾ, ਕੱਚੇ ਮਕਾਨਾਂ ਨੂੰ ਪੱਕੇ ਕਰਨ ਲਈ ਫੰਡ ਜਾਰੀ ਕਰਨਾ ਅਤੇ ਹੋਰ ਵਿਕਾਸ ਦੇ ਕੰਮਾਂ ਨੂੰ ਪਹਿਲ ਦੇ ਆਧਾਰ ’ਤੇ ਕਰਨ ਲਈ ਵਿਚਾਰਾਂ ਕੀਤੀਆਂ ਗਈਆਂ।