ਦੇਵਿੰਦਰ ਸਿੰਘ ਜੱਗੀ
ਪਾਇਲ, 17 ਜੁਲਾਈ
ਪਾਇਲ ਏਰੀਏ ਦੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਵਿੱਚ ਚਿੱਟੇ ਸਿੰਥੈਟਿਕ ਨਸ਼ੇ ਦੇ ਵੱਧ ਰਹੇ ਰੁਝਾਨ ਨੂੰ ਰੋਕਣ ਲਈ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਐੱਸਡੀਐੱਮ ਪਾਇਲ ਜਸਲੀਨ ਕੌਰ, ਡੀਐੱਸਪੀ ਪਾਇਲ ਹਰਸਿਮਰਤ ਸਿੰਘ ਛੇਤਰਾ, ਐੱਸਐੱਚੳ ਪਾਇਲ ਅਮਰੀਕ ਸਿੰਘ, ਐੱਸਐੱਚੳ ਮਲੌਦ ਗੁਰਦੀਪ ਸਿੰਘ, ਐੱਸਐੱਚੳ ਦੋਰਾਹਾ ਲਖਵੀਰ ਸਿੰਘ ਤੋਂ ਇਲਾਵਾ ਵੱਖ ਵੱਖ ਚੌਕੀਆਂ ਦੇ ਇੰਚਾਰਜਾਂ ਨਾਲ ਮੀਟਿੰਗ ਕੀਤੀ ਗਈ, ਜਿਸ ਵਿੱਚ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਸਖਤੀ ਵਰਤਣ ਦਾ ਫੈਸਲਾ ਲਿਆ ਗਿਆ।
ਹਲਕਾ ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਡੀਜੀਪੀ ਪੰਜਾਬ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਜੋ ਸਖਤੀ ਵਰਤੀ ਜਾ ਰਹੀ ਹੈ ਉਸ ਉੱਪਰ ਪੂਰਨ ਅਮਲ ਕੀਤਾ ਜਾਵੇ ਅਤੇ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਾ ਜਾਵੇ। ਭਾਵੇਂ ਪਾਇਲ ਪੁਲੀਸ ਨਸ਼ੇ ਦੇ ਸੌਦਾਗਰਾਂ ਨੂੰ ਫੜਨ ਲਈ ਆਪਣੇ ਗੁਪਤ ਸੂਤਰਾਂ ਰਾਹੀਂ ਪੂਰੀ ਮੁਸਤੈਦੀ ਵਰਤ ਰਹੀ ਹੈ, ਪਰ ਹਾਲੇ ਵੀ ਚਿੱਟੇ ਦੀ ਤਸਕਰੀ ਹੋ ਰਹੀਂ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਸਿਹੌੜਾ ਸਾਹਿਬ ਦੇ ਵਾਸੀਆਂ ਵੱਲੋਂ ਚਿੱਟੇ ਦੇ ਤਸਕਰਾਂ ਵਿਰੁੱਧ ਸਿਕੰਜਾ ਕੱਸਣ ਲਈ ਸਿਵਲ ਅਤੇ ਪੁਲੀਸ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤੇ ਜਾ ਰਹੇ ਹਨ ਉੱਥੇ ਉਹਨਾਂ ਦੀ ਯੂਥ ਕਲੱਬ, ਗਰਾਮ ਪੰਚਾਇਤ, ਬੀਕੇਯੂ ਤੇ ਪਿੰਡ ਦੇ ਵਾਲੰਟੀਅਰਾਂ ਦੀ ਟੀਮ ਪੁਲੀਸ ਨੂੰ ਚਿੱਟੇ ਵਰਗੇ ਭੈੜੇ ਮਾਰੂ ਨਸ਼ਿਆਂ ਦੇ ਸਮੱਗਲਰਾਂ ਨੂੰ ਫੜਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ।