ਸੰਤੋਖ ਗਿੱਲ
ਗੁਰੂਸਰ ਸੁਧਾਰ, 10 ਸਤੰਬਰ
ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਖੇਡ ਪਾਰਕਾਂ ਦੀ ਸੰਭਾਲ ਲਈ ਮੁਹਿੰਮ ਸ਼ੁਰੂ ਕੀਤੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਸਮੇਂ ਹਲਕਾ ਦਾਖਾ ਅੰਦਰ ਕੀਤੇ ਵਿਕਾਸ ਕੰਮਾਂ ਨੂੰ ਕਾਂਗਰਸ ਸਰਕਾਰ ਵੱਲੋਂ ਜਾਣਬੁੱਝ ਕੇ ਅਣਗੌਲਿਆ ਕੀਤਾ ਗਿਆ ਜਿਸ ਕਾਰਨ ਕਈ ਪ੍ਰਾਜੈਕਟ ਖਸਤਾ ਹਾਲ ਹੋ ਰਹੇ ਹਨ। ਵਿਧਾਇਕ ਇਆਲੀ ਨੇ ਪਿੰਡ ਸਹੌਲੀ ਵਿਚ ਦੋ ਲੱਖ ਦੀ ਲਾਗਤ ਨਾਲ ਆਧੁਨਿਕ ਖੇਡ ਪਾਰਕ ਦੇ ਕੀਤੇ ਗਏ ਨਵੀਨੀਕਰਨ ਦੇ ਕੰਮਾਂ ਦਾ ਜਾਇਜ਼ਾ ਲਿਆ। ਉਨ੍ਹਾਂ ਦਾ ਨੌਜਵਾਨਾਂ ਅਤੇ ਨਗਰ ਨਿਵਾਸੀਆਂ ਨੇ ਸਵਾਗਤ ਕੀਤਾ। ਵਿਧਾਇਕ ਨੇ ਕਿਹਾ ਕਿ ਹਲਕੇ ਦੇ ਹਰ ਵੋਟਰ ਤੱਕ ਬੁਨਿਆਦੀ ਸਹੂਲਤਾਂ ਪਹੁੰਚਾਉਣ ਅਤੇ ਨੌਜਵਾਨਾਂ ਦੇ ਬਿਹਤਰ ਭਵਿੱਖ ਲਈ ਖੇਡਾਂ ਦੇ ਖੇਤਰ ਵੱਲ ਵੀ ਵਿਸ਼ੇਸ਼ ਤਵੱਜੋ ਦਿੱਤੀ ਜਾ ਰਹੀ ਹੈ। ਕਈ ਪਿੰਡਾਂ ਵਿਚ ਸਾਬਕਾ ਫ਼ੌਜੀ ਅਫ਼ਸਰਾਂ ਅਤੇ ਜਵਾਨਾਂ ਦੀ ਸਹਾਇਤਾ ਨਾਲ ਮੁਫ਼ਤ ਕੋਚਿੰਗ ਕੈਂਪ ਲਾਏ ਜਾ ਰਹੇ ਹਨ ਤਾਂ ਕਿ ਨੌਜਵਾਨਾਂ ਨੂੰ ਅਸਾਨੀ ਨਾਲ ਫ਼ੌਜ ਵਿਚ ਨੌਕਰੀਆਂ ਮਿਲ ਸਕਣ। ਇਸ ਮੌਕੇ ਜਥੇਦਾਰ ਅਜਮੇਰ ਸਿੰਘ ਰਤਨ, ਸਰਪੰਚ ਜਸਵੀਰ ਕੌਰ, ਕਮਲਜੀਤ ਸਿੰਘ ਸੰਘੇੜਾ, ਬਲਬੀਰ ਸਿੰਘ, ਕਮਲਪ੍ਰੀਤ ਸਿੰਘ, ਸੁਖਦੇਵ ਸਿੰਘ ਗਰੇਵਾਲ ਮੌਜੂਦ ਸਨ।