ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 23 ਸਤੰਬਰ
ਅਰਬਨ ਅਸਟੇਟ ਦੁੱਗਰੀ ਅਤੇ ਲੇਬਰ ਕਲੋਨੀ ਨਾਲ ਲੋਕ ਇਨਸਾਫ਼ ਪਾਰਟੀ ਨੇ ਸੋਹਣ ਸਿੰਘ ਪ੍ਰਧਾਨ ਦੀ ਅਗਵਾਈ ਵਿਚ ਮੀਟਿੰਗ ਕੀਤੀ। ਮੀਟਿੰਗ ’ਚ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ, ਗਗਨਦੀਪ ਸਿੰਘ ਸਨੀ ਕੈਂਥ ਸੂਬਾ ਪ੍ਰਧਾਨ ਯੂਥ ਪਹੁੰਚੇ। ਇਸ ਮੌਕੇ ਵਿਧਾਇਕ ਬੈਂਸ ਨੇ ਦੱਸਿਆ ਕਿ ਲੇਬਰ ਕਲੋਨੀ ਅਤੇ ਦੁੱਗਰੀ ਅਰਬਨ ਇਸਟੇਟ ਦੇ ਫਲੈਟਾਂ ਵਿਚ ਰਹਿ ਰਹੇ ਲੋਕਾਂ ਦੀ ਪਿਛਲੇ 40 ਸਾਲਾਂ ਤੋਂ ਮੰਗ ਸੀ, ਉਨ੍ਹਾਂ ਨੂੰ ਫਲੈਟਾਂ ਦੇ ਮਾਲਕੀ ਹੱਕ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਹੁਣ ਇਹ ਮੰਗ ਪੂਰੀ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਲੇਬਰ ਵਿਭਾਗ ਵੱਲੋਂ ਮੁਲ ਨਿਰਧਾਰਨ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ। ਜਿਸ ਵਿਚ ਲੁਧਿਆਣਾ ਲੋਕ ਸਭਾ ਮੈਬਰ, ਵਿਧਾਇਕ ਆਤਮ ਨਗਰ ਅਤੇ ਡਿਪਟੀ ਕਮਿਸ਼ਨਰ ਮੈਂਬਰ ਹਨ। ਉਨ੍ਹਾਂ ਦੱਸਿਆ ਕਿ ਜੋ ਪਿਛਲੇ 12 ਸਾਲ ਤੋਂ ਲੋਕ ਰਹਿ ਰਹੇ ਹਨ ਅਤੇ ਉਨ੍ਹਾਂ ਕੋਲ ਰਿਹਾਇਸ਼ ਦਾ ਕੋਈ ਵੀ ਪਰੂਫ ਹੋਵੇਗਾ ਉਸ ਨੂੰ ਮਾਲਕੀ ਹੱਕ ਦਿੱਤਾ ਜਾਵੇਗਾ। ਆਰਥਿਕ ਤੌਰ ਤੇ ਕਮਜ਼ੋਰ ਵਰਗਾਂ (ਈਡਬਲਿਊਐੱਸ) ਲਈ ਕਮੇਟੀ ਵੱਲੋਂ ਨਿਰਧਾਰਤ ਕੀਮਤ ਤੈਅ ਕਰ ਦਿੱਤੀ ਗਈ ਹੈ। ਇਸ ਮੌਕੇ ਹਰਪਾਲ ਸਿੰਘ ਕੋਹਲੀ, ਗੁਰਦੀਪ ਸਿੰਘ ਕਾਲੜਾ ਮੌਜੂਦ ਸਨ।