ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 12 ਅਪਰੈਲ
ਆਮ ਆਦਮੀ ਪਾਰਟੀ ਦੇ ਹਲਕਾ ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਗਲਾਡਾ ਦਫਤਰ ਦਾ ਦੌਰਾ ਕੀਤਾ ਗਿਆ। ਇਸ ਮੌਕੇ ਗਲਾਡਾ ਦਫਤਰ ਅਜੈ ਸ਼ਰਮਾ ਨਾਂ ਦਾ ਇੱਕ ਵਿਅਕਤੀ ਧਰਨਾ ਲਗਾ ਕੇ ਬੈਠਾ ਸੀ। ਇਸ ਮੌਕੇ ਵਿਧਾਇਕ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੋਣ ਕਰਕੇ ਕਿਸੇ ਵੀ ਆਮ ਵਿਅਕਤੀ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਹੜਾ ਮੁੱਦਾ ਅਜੈ ਸ਼ਰਮਾ ਨੇ ਦੱਸਿਆ ਉਸ ਨੂੰ ਧਿਆਨ ਨਾਲ ਵੇਖਦੇ ਹੋਏ ਉਸ ’ਤੇ ਕਾਰਵਾਈ ਕੀਤੀ ਜਾਵੇਗੀ ਅਤੇ ਜੇ ਇਸ ਵਿੱਚ ਕੋਈ ਵੀ ਦੋਸ਼ੀ ਪਾਇਆ ਗਿਆ ਤਾਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇੱਕ-ਇੱਕ ਕਰਕੇ ਹਰ ਵਿਅਕਤੀ ਦੀ ਮੁਸ਼ਕਲ ਸੁਣੀ ਅਤੇ ਉਸ ਨੂੰ ਹੱਲ ਕਰਨ ਦਾ ਭਰੋਸਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਕਲੋਨੀਆਂ ਦੀ ਰੈਗੂਲਾਈਜੇਸ਼ਨ ਨਾਲ ਸਬੰਧਤ ਕਾਫੀ ਸਾਰੇ ਮਾਮਲੇ ਆਏ ਹਨ। ਇਨ੍ਹਾਂ ਕਾਰਨ ਮੁੱਖ ਪ੍ਰਸ਼ਾਸਕ ਸੰਦੀਪ ਕੁਮਾਰ ਨਾਲ ਇਨ੍ਹਾਂ ਸਾਰੇ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਾਰੇ ਮਾਮਲਿਆਂ ’ਤੇ ਚੰਗੀ ਤਰ੍ਹਾਂ ਪੜਤਾਲ ਕਰਕੇ ਨਤੀਜਾ ਸਾਹਮਣੇ ਲਿਆਂਦਾ ਜਾਵੇਗਾ। ਵਿਧਾਇਕ ਸਿੱਧੂ ਨੇ ਕਿਹਾ ਕਿ ਪਿਛਲੇ ਕਈ ਵਰ੍ਹਿਆਂ ਤੋਂ ਉਲਝੇ ਤਾਣੇ ਨੂੰ ਸੁਲਝਾਉਣ ਨੂੰ ਥੋੜ੍ਹਾ ਸਮਾਂ ਜ਼ਰੂਰ ਲੱਗੇਗਾ।