ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 14 ਅਕਤੂਬਰ
ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵੱਲੋਂ ਵਾਰਡ ਨੰਬਰ 1 ਦੇ ਅਧੀਨ ਭੌਰਾ ਕਲੋਨੀ ਵਿੱਚ ਮੁੱਖ ਸੜਕਾਂ ਦੇ ਨਿਰਮਾਣ ਕਾਰਜਾਂ ਦੀ ਸ਼ੁਰੂਆਤ ਕਰਵਾਈ ਗਈ, ਜਿਸ ’ਤੇ ਕਰੀਬ 37 ਲੱਖ ਰੁਪਏ ਦੀ ਲਾਗਤ ਆਵੇਗੀ। ਵਿਧਾਇਕ ਚੌਧਰੀ ਬੱਗਾ ਨੇ ਦੱਸਿਆ ਕਿ ਇਲਾਕੇ ਦੇ ਲੋਕ ਪਿਛਲੇ ਕਰੀਬ ਡੇਢ ਦਹਾਕੇ ਤੋਂ ਟੁੱਟੀਆਂ ਸੜਕਾਂ ਤੋਂ ਕਾਫੀ ਪ੍ਰੇਸ਼ਾਨ ਸਨ, ਸੜਕਾਂ ਦੀ ਹਾਲਤ ਬੇਹੱਦ ਤਰਸਯੋਗ ਬਣੀ ਹੋਈ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁੱਖ ਸੜਕਾਂ ਦੇ ਨਿਰਮਾਣ ਨਾਲ ਇਲਾਕਾ ਵਾਸੀਆਂ ਨੂੰ ਰਾਹਤ ਮਿਲੇਗੀ। ਉਨ੍ਹਾਂ ਦੱਸਿਆ ਕਿ ਵਿਧਾਇਕ ਜਨਤਾ ਦਰਬਾਰ ਮੁਹਿੰਮ ਤਹਿਤ ਸ਼ਹਿਰ ਦੀਆਂ ਸਾਰੀਆਂ ਸੜਕਾਂ ਅਤੇ ਗਲੀਆਂ-ਨਾਲੀਆਂ ਨੂੰ ਪੱਕਾ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਜਿਹੜੀਆਂ ਵੀ ਮੁਸ਼ਕਿਲਾਂ ਆਉਣਗੀਆਂ ਉਹ ਲੋਕਾਂ ਵਿੱਚ ਰਹਿ ਕੇ ਲੋਕਾਂ ਨਾਲ ਖੜ੍ਹ ਕੇ ਹੱਲ ਕੀਤੀਆਂ ਜਾਣਗੀਆਂ। ਇਲਾਕਾ ਨਿਵਾਸੀ ਨੇ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਦਾ ਧੰਨਵਾਦ ਕੀਤਾ, ਜਿਨ੍ਹਾਂ ਇਲਾਕਾ ਵਾਸੀਆਂ ਦੀ ਨੇੜੇ ਹੋ ਕੇ ਸਾਰ ਲਈ ਹੈ। ਇਸ ਮੌਕੇ ਵਿਜੇ ਦਾਨਵ, ਅਮਨ ਬੱਗਾ ਖੁਰਾਨਾ, ਕੁਲਦੀਪ ਮੱਕੜ, ਲੱਕੀ ਚਾਵਲਾ, ਐਸ.ਐਸ. ਗਿੱਲ, ਵਰਿੰਦਰ ਕੌਫੀ, ਨਿਤਨ ਤਾਂਗੜੀ, ਦੀਪਕ ਸਿੰਘ, ਦਯਾਨੰਦ ਮਹਿਤਾ ਅਤੇ ਪੂਰਨ ਕੈਂਥ ਹਾਜ਼ਰ ਸਨ।