ਗੁਰਿੰਦਰ ਸਿੰਘ
ਲੁਧਿਆਣਾ, 14 ਦਸੰਬਰ
ਟਿੱਬਾ ਰੋਡ ’ਤੇ ਮੁਸਲਿਮ ਕਬਰਿਸਤਾਨ ਦਾ ਨੀਂਹ ਪੱਥਰ ਵਿਧਾਇਕ ਸੰਜੇ ਤਲਵਾੜ, ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਅਤੇ ਵਾਈਸ ਚੇਅਰਮੈਨ ਮੁਹੰਮਦ ਗੁਲਾਬ ਵੱਲੋਂ ਸਾਂਝੇ ਤੌਰ ’ਤੇ ਰੱਖਿਆ ਗਿਆ। ਮੁਸਲਿਮ ਭਾਈਚਾਰੇ ਦੀ ਲੰਮੇ ਸਮੇਂ ਤੋਂ ਚੱਲ ਰਹੀ ਮੰਗ ਤੇ ਨਗਰ ਨਿਗਮ ਵੱਲੋਂ ਕਬਰਿਸਤਾਨ ਲਈ ਦੋ ਏਕੜ ਜ਼ਮੀਨ ’ਤੇ ਤਿੰਨ ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ। ਇਸ ਮੌਕੇ ਸ਼ਾਹੀ ਇਮਾਮ ਦੇ ਮੁੱਖ ਸਕੱਤਰ ਮੁਹੰਮਦ ਮੁਸਤਕੀਮ ਅਤੇ ਹੋਰ ਆਗੂ ਵੀ ਮੌਜੂਦ ਸਨ।
ਇਸ ਮੌਕੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਕਿਹਾ ਕਿ ਖ਼ੁਦਾ ਦਾ ਸ਼ੁਕਰ ਹੈ ਕਿ ਲੁਧਿਆਣਾ ਦੇ ਮੁਸਲਮਾਨਾਂ ਦੀ ਸਭ ਨਾਲੋਂ ਜ਼ਰੂਰੀ ਮੰਗ ਅੱਜ ਪੂਰੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਕਸਦ ਕੌਮੀ ਹੈ ਸਿਆਸੀ ਨਹੀਂ, ਇਸ ਲਈ ਅੱਲਾ ਦੀ ਮਦਦ ਨਾਲ ਕਾਮਯਾਬੀ ਹਾਸਲ ਹੁੰਦੀ ਹੈ।
ਵਿਧਾਇਕ ਤਲਵਾੜ ਨੇ ਕਿਹਾ ਕਿ ਇਸ ਕਬਰਿਸਤਾਨ ਦੀ ਜ਼ਮੀਨ ਨੂੰ ਲੈ ਕੇ ਵਿਰੋਧੀਆਂ ਨੇ ਜੋ ਵੀ ਇਲਜ਼ਾਮ ਲਗਾਏ ਹਨ ਉਹ ਸਭ ਬੇਬੁਨਿਆਦ ਹਨ, ਉਨ੍ਹਾਂ ਦਾ ਮਕਸਦ ਝੂਠ ਬੋਲ ਕੇ ਸਿਆਸੀ ਰੋਟੀਆਂ ਸੇਕਣਾ ਸੀ। ਜੇਕਰ ਉਨਾਂ ਨੂੰ ਸੱਚ ’ਚ ਇਸ ਕੰਮ ਨੂੰ ਲੈ ਕੇ ਫ਼ਿਕਰ ਹੁੰਦੀ ਤਾਂ ਚਾਰ ਸਾਲ ਪਹਿਲਾਂ ਹੀ ਧਰਨਾ ਪ੍ਰਦਰਸ਼ਨ ਕਰਦੇ ਲੇਕਿਨ ਉਨਾਂ ਨੇ ਅਜਿਹਾ ਨਹੀਂ ਕੀਤਾ।
ਵਾਇਸ ਚੇਅਰਮੈਨ ਪੰਜਾਬ ਸਰਕਾਰ ਮੁਹੰਮਦ ਗੁਲਾਬ ਨੇ ਕਿਹਾ ਕਿ ਘੱਟ ਗਿਣਤੀ ਜਮਾਤ ਦੇ ਲੋਕ ਹਲਕੇ ਦੇ ਵਿਧਾਇਕ ਸੰਜੇ ਤਲਵਾੜ ਦੇ ਧੰਨਵਾਦੀ ਹਨ। ਵਿਧਾਇਕ ਸੰਜੇ ਤਲਵਾੜ ਨੇ ਮੁਸਲਿਮ ਕਬਰਿਸਤਾਨ ਕਮੇਟੀ ਨੂੰ ਇਕ ਸ਼ਵ ਵਾਹਨ, ਇਕ ਐਂਬੁਲੈਂਸ ਅਤੇ ਡੀ. ਫਰਿਜਰ ਦੇਣ ਦਾ ਐਲਾਨ ਕੀਤਾ। ਇਸ ਮੌਕੇ ਫ਼ਿਰੋਜ਼ ਖਾਨ, ਕੌਂਸਲਰ ਹਰਜਿੰਦਰ ਪਾਲ ਲਾਲੀ, ਕੁਲਦੀਪ ਜੰਡਾ, ਹੈਪੀ ਰੰਧਾਵਾ, ਸਤੀਸ਼ ਮਲਹੌਤਰਾ, ਸਰਬਜੀਤ ਸਿੰਘ, ਡਾ. ਨਰੇਸ਼ ਉੱਪਲ, ਵਰਿੰਦਰ ਸਹਿਗਲ, ਇਨਾਮ ਮਲਿਕ, ਹਾਜ਼ੀ ਨੌਸ਼ਾਦ, ਮਾਸਟਰ ਆਫਤਾਬ ਆਲਮ, ਮੁਹੰਮਦ ਸਾਜਿਦ, ਮੁਹੰਮਦ ਖਲੀਲ ਸ਼ੇਰਪੁਰ, ਮੁਹੰਮਦ ਮਾਰੂਫ, ਖਾਲਿਦ ਰਜ਼ਾ ਆਦਿ ਵੀ ਹਾਜ਼ਰ ਸਨ।