ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 27 ਅਪਰੈਲ
ਇੱਥੇ ਇੱਕ ਦਫ਼ਤਰ ਵਿੱਚ ਸਰਕਾਰ ਵੱਲੋਂ ਔਰਤਾਂ ਦੀ ਹਜ਼ਾਰ ਰੁਪਏ ਪੈਨਸ਼ਨ ਲਗਵਾਉਣ ਦੇ ਫਾਰਮ ਭਰਨ ਸਬੰਧੀ ਸੂਚਨਾ ਮਿਲਣ ’ਤੇ ਵਿਧਾਇਕਾ ਰਾਜਿੰਦਰਪਾਲ ਕੌਰ ਛੀਨਾ ਨੇ ਜ਼ਿਲ੍ਹਾ ਵਾਸੀਆਂ ਨੂੰ ਧੋਖਾਧੜੀ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉਨ੍ਹਾਂ ਨੂੰ ਲੋਕਾਂ ਤੋਂ ਸ਼ਿਕਾਇਤ ਮਿਲੀ ਸੀ ਕਿ ਨਿੱਜੀ ਦਫ਼ਤਰਾਂ ਵਿੱਚ ਕੈਂਪ ਲਾ ਕੇ ਪੈਨਸ਼ਨ ਸਬੰਧੀ ਫਾਰਮ ਭਰੇ ਜਾ ਰਹੇ ਹਨ। ਇਸ ਮਗਰੋਂ ਉਹ ਹਲਕੇ ਦੇ ਸਤਿਗੁਰੂ ਨਗਰ ਖੇਤਰ ਦੀ ਜੀਤੋ ਮਾਰਕੀਟ ਵਿੱਚ ਇੱਕ ਨਿੱਜੀ ਦਫਤਰ ਵਿੱਚ ਲਾਏ ਜਾ ਰਹੇ ਕੈਂਪ ਵਾਲੀ ਥਾਂ ’ਤੇ ਪੁੱਜ ਗਏ।
ਇਸ ਦੌਰਾਨ ਉਨ੍ਹਾਂ ਦੱਸਿਆ ਕਿ ਪ੍ਰਬੰਧਕਾਂ ਨੇ ਇਹ ਦਾਅਵਾ ਕਰ ਕੇ ਔਰਤਾਂ ਨੂੰ ਗੁਮਰਾਹ ਕੀਤਾ ਕਿ ਅੱਜ ਉਨ੍ਹਾਂ ਦੇ ਦਫ਼ਤਰ ਵਿੱਚ ਫਾਰਮ ਭਰਨ ਵਾਲੇ ਹੀ 1000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇ ਹੱਕਦਾਰ ਹੋਣਗੇ। ਉਨ੍ਹਾਂ ਕਿਹਾ ਕਿ ਇਹ ਪ੍ਰਬੰਧਕਾਂ ਦੀ ਤਰਫੋਂ ਪੂਰੀ ਤਰ੍ਹਾਂ ਗਲਤ ਅਤੇ ਗੈਰ-ਕਾਨੂੰਨੀ ਕੰਮ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਵਿਧਾਇਕਾ ਨੇ ਦੱਸਿਆ ਕਿ ਉਨ੍ਹਾਂ ਨੂੰ ਪਹਿਲਾਂ ਵੀ ਅਜਿਹੀਆਂ ਸ਼ਿਕਾਇਤਾਂ ਮਿਲੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਅੱਜ ਗੈਰਕਾਨੂੰਨੀ ਕੈਂਪ ਦਾ ਮਾਮਲਾ ਸਾਹਮਣੇ ਆਉਣ ’ਤੇ ਉਨ੍ਹਾਂ ਇਸ ਸਬੰਧੀ ਪੁਲੀਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਹੈ। ਇੱਥੇ ਉਨ੍ਹਾਂ ਕਿਹਾ ਕਿ ਕੁਝ ਸਵਾਰਥੀ ਹਿੱਤਾਂ ਵਾਲੇ ਲੋਕ ਆਪਣੇ ਨਿੱਜੀ ਦਫ਼ਤਰਾਂ ਵਿੱਚ ਜਾਅਲੀ ਕੈਂਪ ਲਗਾ ਕੇ ਇਲਾਕਾ ਵਾਸੀਆਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਕੈਂਪਾਂ ਵਿੱਚ ਕੁਝ ਬੈਂਕ ਅਧਿਕਾਰੀ ਵੀ ਸ਼ਾਮਲ ਹੁੰਦੇ ਹਨ, ਜੋ ਕਿ ਸਰਾਸਰ ਗੈਰ-ਕਾਨੂੰਨੀ ਹੈ। ਇਸ ਦੌਰਾਨ ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਪੈਨਸ਼ਨ ਸਬੰਧੀ ਸਰਕਾਰੀ ਕੈਂਪ ਸਿਰਫ਼ ਚੁਣੇ ਹੋਏ ਵਿਧਾਇਕਾਂ ਦੀ ਹਾਜ਼ਰੀ ਵਿੱਚ ਥਾਵਾਂ ’ਤੇ ਹੀ ਲਗਾਏ ਜਾਣਗੇ।