ਨਿੱਜੀ ਪੱਤਰ ਪ੍ਰੇਰਕ
ਖੰਨਾ, 31 ਅਗਸਤ
ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਮੈਂਬਰਾਂ ਦੀ ਸੂਬਾ ਪੱਧਰੀ ਮੀਟਿੰਗ ਇਥੋਂ ਨੇੜਲੇ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿਖੇ ਹੋਈ ਜਿਸ ਵਿਚ ਜ਼ਿਲ੍ਹਾ ਪ੍ਰਧਾਨਾਂ ਨਾਲ ਚੰਡੀਗੜ੍ਹ ਰੈਲੀ ਵਿਚ ਪਹੁੰਚਣ ਲਈ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਰਾਜੇਵਾਲ ਨੇ ਕਿਹਾ ਕਿ ਤਿਆਰੀਆਂ ਤੋਂ ਸਪਸ਼ਟ ਹੈ ਕਿ ਲੋਕਾਂ ਅੰਦਰ ਸਰਕਾਰਾਂ ਦੀਆਂ ਨੀਤੀਆਂ ਖਿਲਾਫ ਸਖ਼ਤ ਰੋਸ ਪਾਇਆ ਜਾ ਰਿਹਾ ਹੈ। ਇਸ ਵਾਰ ਚੰਡੀਗੜ੍ਹ ਵਿੱਚ ਹੋਣ ਵਾਲ਼ਾ ਇਕੱਠ ਪਿਛਲੇ ਸਾਰੇ ਰਿਕਾਰਡ ਤੋੜ ਦੇਵੇਗਾ ਕਿਉਂਕਿ ਪਾਣੀਆਂ ਦਾ ਮੁੱਦਾ ਸਾਡੀ ਜੀਵਨ ਰੇਖਾ ਨਾਲ਼ ਜੁੜਿਆ ਹੋਇਆ ਸਭ ਤੋਂ ਅਹਿਮ ਮੁੱਦਾ ਹੈ। ਉਨ੍ਹਾਂ ਕਿਹਾ ਕਿ ਪਾਣੀ ਤੋਂ ਬਿਨਾਂ ਪੰਜਾਬ ਵਿੱਚ ਨਾ ਤਾਂ ਖ਼ੇਤੀ ਬਚੇਗੀ ਤੇ ਨਾ ਹੀ ਜੀਵਨ, ਇਸ ਤੋਂ ਬਿਨਾਂ ਸਭ ਕੁਝ ਬੀਮਾਰੀਆਂ ਦੀ ਭੇਟ ਚੜ੍ਹ ਜਾਵੇਗਾ। ਇਸ ਮੌਕੇ ਮੀਟਿੰਗ ਵਿਚ ਸ਼ਾਮਲ ਜ਼ਿਲ੍ਹਾ ਪ੍ਰਧਾਨਾਂ ਨੇ ਭਰੋਸਾ ਦਿਵਾਇਆ ਕਿ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ, ਜਥੇਬੰਦੀ ਰਿਕਾਰਡ ਤੋੜ ਇਕੱਠ ਕਰਕੇ 2 ਸਤੰਬਰ ਦੀ ਰੈਲੀ ਵਿਚ ਸ਼ਿਰਕਤ ਕਰੇਗੀ। ਇਸ ਮੌਕੇ ਨੇਕ ਸਿੰਘ ਖੋਖ, ਗੁਲਜ਼ਾਰ ਸਿੰਘ ਘਨੌਰ, ਘੁੰਮਣ ਸਿੰਘ ਰਾਜਗੜ, ਕਸ਼ਮੀਰ ਸਿੰਘ, ਸੁਖਵਿੰਦਰ ਸਿੰਘ ਭੱਟੀਆਂ, ਹਰਦੀਪ ਸਿੰਘ ਘਨੁੜਕੀ, ਗੁਰਮੀਤ ਸਿੰਘ ਕਪਿਆਲ, ਨਰਿੰਦਰ ਸਿੰਘ, ਤਰਲੋਚਨ ਸਿੰਘ ਬਰਮੀ,ਸੰਤੋਖ ਸਿੰਘ ਨਵਾਂਸ਼ਹਿਰ ਅਤੇ ਹੋਰ ਆਗੂ ਵੱਡੀ ਗਿਣਤੀ ਵਿਚ ਸ਼ਾਮਲ ਸਨ।
ਸ਼ੰਭੂ ਮੋਰਚੇ ’ਤੇ ਵਹੀਰਾਂ ਘੱਤ ਕੇ ਪੁੱਜੇ ਕਿਸਾਨ
ਗੁਰੂਸਰ ਸੁਧਾਰ (ਪੱਤਰ ਪ੍ਰੇਰਕ): ਦਿੱਲੀ ਮੋਰਚਾ-2 ਵਾਲੇ ਸਾਂਝਾ ਫੋਰਮ ਦੇ ਸੱਦੇ ’ਤੇ ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ ਦਾ ਕਾਫ਼ਲਾ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ, ਜ਼ਿਲ੍ਹਾ ਸਕੱਤਰ ਜਸਦੇਵ ਸਿੰਘ ਲਲਤੋਂ ਅਤੇ ਜ਼ਿਲ੍ਹਾ ਖ਼ਜ਼ਾਨਚੀ ਅਮਰੀਕ ਸਿੰਘ ਤਲਵੰਡੀ ਦੀ ਅਗਵਾਈ ਹੇਠ ਲੁਧਿਆਣਾ-ਫ਼ਿਰੋਜ਼ਪੁਰ ਕੌਮੀ ਮਾਰਗ ਉਪਰ ਮੁੱਲਾਂਪੁਰ ਦੇ ਮੁੱਖ ਪੁਲ ਤੋਂ ਸ਼ੰਭੂ ਬਾਰਡਰ ’ਤੇ ਮੋਰਚੇ ਦਾ 200ਵਾਂ ਦਿਨ ਮਨਾਉਣ ਲਈ ਪੂਰਾ ਜੋਸ਼ ਹੈ ਤੇ ਇੱਥੋਂ ਕਿਸਾਨ ਵੱਡੀ ਗਿਣਤੀ ’ਤੇ ਮੋਰਚੇ ’ਤੇ ਪੁੱਜੇ। ਇਸ ਮੌਕੇ ਆਗੂਆਂ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਸਣੇ ਦੇਸ਼ ਦੀ ਸਰਵਉੱਚ ਅਦਾਲਤ ਵੱਲੋਂ ਸ਼ੰਭੂ ਸਮੇਤ ਹੋਰ ਬਾਰਡਰਾਂ ਉਪਰ ਸਰਕਾਰ ਵੱਲੋਂ ਲਾਈਆਂ ਸਾਰੀਆਂ ਰੋਕਾਂ ਖ਼ਤਮ ਕਰਨ, ਸਭ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ, ਕਿਸਾਨਾਂ-ਮਜ਼ਦੂਰਾਂ ਦੀ ਕਰਜ਼ ਮੁਆਫ਼ੀ, ਸਰਕਾਰੀ ਖ਼ਰਚੇ ’ਤੇ ਫ਼ਸਲੀ ਬੀਮਾ, 58 ਸਾਲ ਦੀ ਉਮਰ ਵਿੱਚ ਕਿਸਾਨਾਂ-ਮਜ਼ਦੂਰਾਂ ਲਈ ਪੈਨਸ਼ਨ ਯੋਜਨਾ ਲਾਗੂ ਕਰਨ ਸਮੇਤ 14 ਨੁਕਾਤੀ ਮੰਗ-ਪੱਤਰ ਵਿੱਚ ਸ਼ਾਮਲ ਸਭ ਮੰਗਾਂ ਦੀ ਪੂਰਤੀ ਲਈ ਸੰਘਰਸ਼ ਜਾਰੀ ਰੱਖਿਆ ਜਾਵੇਗਾ।