ਨਿੱਜੀ ਪੱਤਰ ਪ੍ਰੇਰਕ
ਖੰਨਾ, 23 ਅਗਸਤ
ਬਿਜਲੀ ਬੋਰਡ ਨਾਲ ਸਬੰਧਤ ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਦੇ ਮੈਬਰਾਂ ਦੀ ਇੱਕਤਰਤਾ ਸੁਖਪ੍ਰੀਤ ਸਿੰਘ ਦੀ ਪ੍ਰਧਾਨਗੀ ਹੇਠਾਂ ਹੋਈ।
ਇਸ ਮੌਕੇ ਪਾਵਰਕੌਮ ਵਿੱਚ ਕੰਮ ਕਰਦੇ ਆਊਟਸੋਰਸਡ ਕਾਮਿਆਂ ਵੱਲੋਂ ਬਣਾਈ ਗਈ ਕੋਆਰਡੀਨੇਸ਼ਨ ਕਮੇਟੀ ਦੇ ਸੱਦੇ ’ਤੇ ਵੱਖ ਵੱਖ ਸਰਕਲਾਂ ਦੇ ਕਾਮਿਆਂ ਨੇ ਹਿੱਸਾ ਲਿਆ। ਠੇਕਾ ਕਾਮਿਆਂ ਨੇ ਫ਼ੈਸਲਾ ਕੀਤਾ ਕਿ 25 ਅਗਸਤ ਨੂੰ ਸਮੂਹ ਕਾਮੇ ਪਰਿਵਾਰਾਂ ਸਮੇਤ ਪਟਿਆਲਾ ਮੁੱਖ ਦਫ਼ਤਰ ਅੱਗੇ ਧਰਨੇ ਵਿੱਚ ਸ਼ਮੂਲੀਅਤ ਕਰਨਗੇ।
ਉਨ੍ਹਾਂ ਪੰਜਾਬ, ਕੇਂਦਰ ਸਰਕਾਰ ਤੇ ਪਾਵਰਕੌਮ ਟਰਾਂਸਕੋ ਮੈਨੇਜਮੈਂਟ ਤੋਂ ਮੰਗ ਕੀਤੀ ਕਿ ਬਿਜਲੀ ਖੇਤਰ ਦਾ ਨਿੱਜੀਕਰਨ ਬੰਦ ਹੋਵੇ ਅਤੇ ਬਿਜਲੀ ਐਕਟ 2003, ਬਿਜਲੀ ਬਿੱਲ-2022 ਦੀ ਤਜਵੀਜ਼ ਰੱਦ ਕੀਤੀ ਜਾਵੇ, ਬਿਜਲੀ ਖੇਤਰ ਵਿੱਚ ਆਊਟਸੋਰਸਿੰਗ ਭਰਤੀ ਬੰਦ ਕਰਕੇ ਰੈਗੂਲਰ ਭਰਤੀ ਕੀਤੀ ਜਾਵੇ, ਪੱਕੇ ਕੰਮ ਖੇਤਰ ਵਿਚ ਰੁਜ਼ਗਾਰ ਦੀ ਨੀਤੀ ਲਾਗੂ ਕੀਤੀ ਜਾਵੇ, ਆਊਟਸੋਰਸ ਕਾਮਿਆਂ ਲਈ ਘੱਟੋ-ਘੱਟ ਉਜਰਤ ਦੇ ਕਾਨੂੰਨ 1948 ਅਨੁਸਾਰ ਤਨਖਾਹ ਨਿਸ਼ਚਿਤ ਹੋਵੇ, ਸੇਵਾ ਕਾਲ ਦੌਰਾਨ ਹਾਦਸਿਆਂ ਦਾ ਸ਼ਿਕਾਰ ਬਿਜਲੀ ਮੁਲਾਜ਼ਮਾਂ ਲਈ ਇਲਾਜ, ਮੌਤ ਦੇ ਮੁਆਵਜ਼ੇ, ਪੈਨਸ਼ਨ ਤੇ ਪਰਿਵਾਰ ਦੇ ਇਕ ਜੀਅ ਨੂੰ ਪੱਕੀ ਨੌਕਰੀ ਦਾ ਪ੍ਰਬੰਧ ਕੀਤਾ ਜਾਵੇ, ਛਾਂਟੀ ਕੀਤੇ ਸਮੂਹ ਆਊਟਸੋਰਸ ਕਾਮਿਆਂ ਨੂੰ ਵਿਭਾਗ ਵਿਚ ਤੁਰੰਤ ਬਹਾਲ ਕੀਤਾ ਜਾਵੇ, ਫੀਲਡ ਡਿਊਟੀ ਕਰਦੇ ਸਮੂਹ ਕਾਮਿਆਂ ਨੂੰ ਵਿਸ਼ੇਸ਼ ਭੱਤੇ ਦਿੱਤੇ ਜਾਣ। ਇਸ ਮੌਕੇ ਸੁਖਵਿੰਦਰ ਸਿੰਘ, ਅਵਤਾਰ ਸਿੰਘ, ਇਕਬਾਲ ਸਿੰਘ, ਬਲਜੀਤ ਸਿੰਘ, ਹੁਸਨਪ੍ਰੀਤ ਸਿੰਘ, ਰਣਜੀਤ ਸਿੰਘ, ਜਗਵਿੰਦਰ ਸਿੰਘ, ਰਣਜੀਤ ਸਿੰਘ, ਗੁਰਚਰਨ ਸਿੰਘ ਅਤੇ ਕੁਲਵੰਤ ਸਿੰਘ ਹਾਜ਼ਰ ਸਨ।