ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 7 ਜੂਨ
ਲੁਧਿਆਣਾ ਜ਼ਿਲ੍ਹੇ ਵਿੱਚ ਲੱਗ ਰਹੀਆਂ ਚਾਰ ਗੈਸ ਫੈਕਟਰੀਆਂ ਖ਼ਿਲਾਫ਼ ਗਿਆਰਾਂ ਜੂਨ ਨੂੰ ਲੁਧਿਆਣਾ ਡਿਪਟੀ ਕਮਿਸ਼ਨਰ ਦਫ਼ਤਰ ਬਾਹਰ ਹੋ ਰਹੀ ਸਾਂਝੀ ਰੈਲੀ ਦੀਆਂ ਤਿਆਰੀਆਂ ਪੱਕੇ ਮੋਰਚਿਆਂ ਵਿੱਚ ਚੱਲ ਰਹੀਆਂ ਹਨ। ਨਜ਼ਦੀਕੀ ਪਿੰਡ ਭੂੰਦੜੀ ਵਿੱਚ ਲੱਗੇ ਪੱਕੇ ਮੋਰਚੇ ਦੇ 72ਵੇਂ ਦਿਨ ਅੱਜ ਇਸ ਰੈਲੀ ਲਈ ਲਾਮਬੰਦੀ ਕਰ ਕੇ ਡਿਊਟੀਆਂ ਲਾਈਆਂ ਗਈਆਂ। ਪ੍ਰਦੂਸ਼ਿਤ ਗੈਸ ਫੈਕਟਰੀ ਵਿਰੋਧੀ ਸ਼ੰਘਰਸ਼ ਕਮੇਟੀ ਦੇ ਬੁਲਾਰਿਆਂ ਤੇਜਿੰਦਰ ਸਿੰਘ ਤੇਜਾ, ਸੂਬੇਦਾਰ ਕਾਲਾ ਸਿੰਘ, ਕੋਮਲਜੀਤ ਸਿੰਘ, ਸਤਪਾਲ ਸਿੰਘ, ਸੁਰਜੀਤ ਸਿੰਘ, ਗੁਰਮੇਲ ਸਿੰਘ ਸਨੇਤ, ਮਨਜਿੰਦਰ ਸਿੰਘ ਖੇੜੀ, ਜਗਤਾਰ ਸਿੰਘ ਮਾੜਾ, ਬੰਤ ਸਿੰਘ ਚੀਮਨਾ, ਪ੍ਰਿਤਪਾਲ ਸਿੰਘ ਧਾਂਦਰਾ, ਦਲਜੀਤ ਸਿੰਘ ਤੂਰ, ਮਲਕੀਤ ਸਿੰਘ ਚੀਮਨਾ, ਸਰਪੰਚ ਹਰਪ੍ਰੀਤ ਸਿੰਘ ਬੱਬੀ, ਸਤਵੰਤ ਸਿੰਘ ਸਿਵੀਆ ਨੇ ਕਿਹਾ ਕਿ ਸਰਕਾਰ ਤੇ ਪ੍ਰਸ਼ਾਸਨ ਨੇ ਢੀਠਤਾਈ ਅਪਣਾਈ ਹੋਈ ਹੈ। ਜਗਰਾਉਂ ਇਲਾਕੇ ਵਿੱਚ ਭੂੰਦੜੀ ਤੇ ਅਖਾੜਾ ਵਿੱਚ ਪੱਕੇ ਮੋਰਚੇ ਅਤਿ ਦੀ ਗਰਮੀ ਵਿੱਚ ਲਗਾਤਾਰ ਜਾਰੀ ਹਨ। ਇਸੇ ਤਰ੍ਹਾਂ ਜ਼ਿਲ੍ਹੇ ਦੇ ਹੋਰ ਪਿੰਡਾਂ ਵਿੱਚ ਲੋਕ ਲਗਾਤਾਰ ਧਰਨੇ ’ਤੇ ਬੈਠੇ ਹਨ। ਇਸ ਦੇ ਬਾਵਜੂਦ ਸਰਕਾਰ ਤੇ ਪ੍ਰਸ਼ਾਸਨ ਦੇ ਕੰਨਾਂ ਵਿੱਚ ਇਨ੍ਹਾਂ ਲੋਕਾਂ ਦੀ ਆਵਾਜ਼ ਨਹੀਂ ਪਹੁੰਚ ਰਹੀ। ਡਾ. ਸੁਖਦੇਵ ਭੂੰਦੜੀ ਨੇ ਕਿਹਾ ਕਿ ਇਨ੍ਹਾਂ ਪਿੰਡਾਂ ਵਿੱਚ ਵੋਟਾਂ ਦਾ ਬਾਈਕਾਟ ਰਿਹਾ ਅਤੇ ਕਿਸਾਨਾਂ ਮਜ਼ਦੂਰਾਂ ਦੇ ਵਿਰੋਧ ਕਰ ਕੇ ‘ਆਪ’ ਨੂੰ ਹਾਰ ਦਾ ਮੂੰਹ ਵੀ ਦੇਖਣਾ ਪਿਆ। ਇਸ ਦੇ ਬਾਵਜੂਦ ਸਰਕਾਰ ਇਸ ਪਾਸੇ ਧਿਆਨ ਨਹੀਂ ਦੇ ਰਹੀ ਜਿਸ ਦਾ ਖ਼ਾਮਿਆਜ਼ਾ ਭਵਿੱਖ ਵਿੱਚ ਇਸ ਪਾਰਟੀ ਨੂੰ ਭੁਗਤਣਾ ਪਵੇਗਾ।
ਇਸੇ ਤਰ੍ਹਾਂ ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਆਗੂ ਜਸਬੀਰ ਸਿੰਘ ਸੀਰਾ ਤੇ ਮੱਖਣ ਸਿੰਘ ਨੇ ਕਿਹਾ ਕਿ 11 ਜੂਨ ਨੂੰ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕ ਰੈਲੀ ਵਿੱਚ ਸ਼ਮੂਲੀਅਤ ਕਰਨਗੇ। ਬੀਬੀ ਗੁਰਚਰਨ ਕੌਰ ਤੇ ਹਰਜਿੰਦਰ ਕੌਰ ਨੇ ਔਰਤਾਂ ਨੂੰ ਲੁਧਿਆਣਾ ਰੈਲੀ ਵਾਸਤੇ ਤਿਆਰ ਰਹਿਣ ਦੀ ਅਪੀਲ ਕੀਤੀ। ਹਰਪ੍ਰੀਤ ਸਿੰਘ ਹੈਪੀ ਨੇ ਧਰਨੇ ’ਤੇ ਆਏ ਲੋਕਾਂ ਦਾ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਭਿੰਦਰ ਸਿੰਘ ਨੇ ਨਿਭਾਈ। ਧਰਨੇ ਵਿੱਚ ਮਨਮੋਹਨ ਸਿੰਘ ਗਿੱਲ, ਜਗਮੋਹਨ ਸਿੰਘ ਗਿੱਲ, ਰਛਪਾਲ ਸਿੰਘ ਤੂਰ, ਅੰਮ੍ਰਿਤਪਾਲ ਸਿੰਘ ਨਿੱਕਾ, ਹਰਮਹਿੰਦਰ ਸਿੰਘ, ਸਤਨਾਮ ਸਿੰਘ, ਮਨਜਿੰਦਰ ਸਿੰਘ ਮੋਨੀ ਆਦਿ ਸ਼ਾਮਲ ਸਨ।
ਸਿਆਸਤਦਾਨਾਂ ਤੋਂ ਅੱਕੇ ਲੋਕਾਂ ਵੱਲੋਂ ਸੰਘਰਸ਼ ਜਾਰੀ ਰੱਖਣ ਦਾ ਐਲਾਨ
ਸਮਰਾਲਾ (ਡੀਪੀਐੱਸ ਬੱਤਰਾ): ਪਿੰਡ ਮੁਸ਼ਕਾਬਾਦ ਵਿੱਚ ਬਾਇਓ ਗੈਸ ਪਲਾਂਟ ਦੇ ਵਿਰੋਧ ਦਾ ਮਾਮਲਾ ਜਿਓਂ ਦਾ ਤਿਓਂ ਬਣਿਆ ਹੋਇਆ ਹੈ। ਇਨ੍ਹਾਂ ਪਿੰਡਾਂ ਦੇ ਲੋਕਾਂ ਵੱਲੋਂ ਦਿੱਤਾ ਜਾ ਰਿਹਾ ਧਰਨਾ ਭਾਵੇਂ 33ਵੇਂ ਦਿਨ ਵਿਚ ਸ਼ਾਮਲ ਹੋ ਗਿਆ ਪਰ ਅਜੇ ਤੱਕ ਇੱਥੇ ਕੋਈ ਵੀ ਅਧਿਕਾਰੀ ਜਾਂ ਨੇਤਾ ਰਾਹਤ ਭਰੀ ਖ਼ਬਰ ਲੈ ਕੇ ਨਹੀਂ ਬਹੁੜਿਆ। ਪਿੰਡ ਮੁਸ਼ਕਾਬਾਦ, ਖੀਰਨੀਆਂ ਅਤੇ ਟੱਪਰੀਆਂ ਦੇ ਵਸਨੀਕਾਂ ਵੱਲੋਂ ਲੋਕ ਆਪਣਾ ਲੋਕਤੰਤਰ ਤੋਂ ਮੋਹ ਭੰਗ ਹੋਣ ਦਾ ਪ੍ਰਗਟਾਵਾ ਲੋਕ ਸਭਾ ਚੋਣਾਂ ਦਾ ਮੁਕੰਮਲ ਬਾਈਕਾਟ ਕਰ ਕੇ ਪੂਰੀ ਮਜ਼ਬੂਤੀ ਤੇ ਇਕਜੁੱਟਤਾ ਨਾਲ ਕੀਤਾ ਗਿਆ। ਪਰ ਇਨ੍ਹਾਂ ਲੋਕਾਂ ਦੀ ਆਸ ਮੁਤਾਬਕ ਕੋਈ ਹੱਲ ਨਹੀਂ ਨਿਕਲਿਆ। ਮੁਸ਼ਕਾਬਾਦ ਦੇ ਸਾਬਕਾ ਸਰਪੰਚ ਮਾਲਵਿੰਦਰ ਸਿੰਘ ਲਵਲੀ ਅਤੇ ਕੈਪਟਨ ਹਰਜਿੰਦਰ ਸਿੰਘ ਟੱਪਰੀਆਂ ਨੇ ਦੱਸਿਆ ਕਿ ਇਹ ਬਾਇਓ ਗੈਸ ਪਲਾਟ ਨੂੰ ਬੰਦ ਕਰਵਾਉਣ ਦੇ ਵਿਰੋਧ ਵਿੱਚ ਪਿਛਲੇ 33ਦਿਨਾਂ ਤੋਂ ਅਣਮਿਥੇ ਸਮੇਂ ਲਈ ਦਿੱਤਾ ਜਾ ਰਿਹਾ ਇਹ ਧਰਨਾ ਉਨ੍ਹੀ ਦੇਰ ਜਾਰੀ ਰਹੇਗਾ ਜਿੰਨੀ ਦੇਰ ਸਰਕਾਰ ਇਸ ਪਲਾਂਟ ਨੂੰ ਬੰਦ ਕਰਨ ਦੇ ਹੁਕਮ ਨਹੀਂ ਦਿੱਤੇ ਜਾਂਦੇ ਉਨ੍ਹਾਂ ਕਿਹਾ ਕਿ ਭਾਵੇਂ ਗਰਮੀ ਵਰੇ, ਮੀਂਹ ਵਰੇ ਜਾ ਝੱਖੜ ਚੱਲੇ ਪਰ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ| ਇਸੇ ਦੌਰਾਨ ਧਰਨਾਕਾਰੀ ਹਰਜੀਤ ਕੌਰ ਨੇ ਕਿਹਾ ਕਿ ਲਗਪਗ ਇਕ ਮਹੀਨੇ ਤੋਂ ਚੱਲ ਰਹੇ ਧਰਨੇ ਵਿਚ ਪਿੰਡ ਵਾਸੀਆਂ ਨੇ ਏਕਤਾ ਦੀ ਮਿਸਾਲ ਦਿੱਤੀ ਹੈ। ਉਨ੍ਹਾਂ ਕਿਹਾ ਕਿ ਗੁਆਢੀਂ ਪਿੰਡਾਂ ਨੇ ਵੀ ਇਸ ਏਕਤਾ ਵਿਚ ਸ਼ਾਮਲ ਹੋ ਕੇ ਚੰਗੇ ਗੁਆਂਢੀ ਹੋਣ ਦਾ ਸਬੂਤ ਦਿੱਤਾ ਹੈ। ਉਨ੍ਹਾਂ ਕਿਹਾ ਇਸ ਧਰਨੇ ਵਿਚ ਔਰਤਾਂ ਦੀ ਮੌਜੂਦਗੀ ਇਸ ਗੱਲ ’ਤੇ ਮੋਹਰ ਲਗਾਉਂਦੀ ਹੈ ਕਿ ਪਿੰਡ ਦੀ ਏਕਤਾ ਅਟੁੱਟ ਹੈ ਜਿੰਨੀ ਦੇਰ ਇਨਸਾਫ਼ ਨਹੀਂ ਮਿਲਦਾ ਲੋਕ ਧਰਨੇ ਉੱਤੇ ਡਟੇ ਰਹਿਣਗੇ।