ਪੱਤਰ ਪ੍ਰੇਰਕ
ਸਮਰਾਲਾ, 2 ਅਕਤੂਬਰ
ਪੰਜਾਬ ਨੰਬਰਦਾਰ ਐਸੋਸੀਏਸ਼ਨ (ਗਾਲਬਿ) ਤਹਿਸੀਲ ਸਮਰਾਲਾ ਦੀ ਇੱਕ ਮੀਟਿੰਗ ਐਸੋਸੀਏਸ਼ਨ ਦੇ ਦਫ਼ਤਰ ਵਿੱਚ ਤਹਿਸੀਲ ਸਮਰਾਲਾ ਦੇ ਪ੍ਰਧਾਨ ਨੰਬਰਦਾਰ ਸੋਹਣ ਸਿੰਘ ਭਰਥਲਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਸੂਬਾ ਪ੍ਰਧਾਨ ਪਰਮਿੰਦਰ ਸਿੰਘ ਗਾਲਬਿ ਨੇ ਵੀ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਵੀ ਦੂਜੀਆਂ ਪਾਰਟੀਆਂ ਦੇ ਨਕਸ਼ੇ ਕਦਮਾਂ ਉੱਤੇ ਤੁਰ ਪਈ ਹੈ। ਸਰਕਾਰ ਨੂੰ ਜਗਾਉਣ ਲਈ 10 ਅਕਤੂਬਰ ਨੂੰ ਸੰਗਰੂਰ ਵਿੱਚ ਨੰਬਰਦਾਰਾਂ ਵੱਲੋਂ ਰੋਸ ਰੈਲੀ ਕੀਤੀ ਜਾ ਰਹੀ ਹੈ, ਜਿਸ ਵਿੱਚ ਪੰਜਾਬ ਭਰ ਦੇ ਨੰਬਰਦਾਰ ਸ਼ਿਰਕਤ ਕਰਨਗੇ। ਇਸ ਮੌਕੇ ਤਹਿਸੀਲ ਪ੍ਰਧਾਨ ਸੋਹਣ ਸਿੰਘ ਭਰਥਲਾ ਨੇ ਸੂਬਾ ਪ੍ਰਧਾਨ ਨਾਲ ਵਾਅਦਾ ਕੀਤਾ ਕਿ ਸਮਰਾਲਾ ਦੇ ਨੰਬਰਦਾਰ ਵੱਡੀ ਗਿਣਤੀ ਵਿੱਚ ਸੰਗਰੂਰ ਰੈਲੀ ’ਚ ਪੁੱਜਣਗੇ। ਇਸ ਸਬੰਧੀ ਪਿੰਡ-ਪਿੰਡ ਜਾ ਕੇ ਨੰਬਰਦਾਰਾਂ ਨੂੰ ਜਾਗਰੂਕ ਕੀਤਾ ਜਾਵੇਗਾ। ਇਸ ਮੌਕੇ ਹਾਜ਼ਰ ਨੰਬਰਦਾਰਾਂ ਨੇ ਹੱਥ ਖੜ੍ਹੇ ਕਰਕੇ ਸੰਗਰੂਰ ਰੈਲੀ ਵਿੱਚ ਪੁੱਜਣ ਦਾ ਪ੍ਰਣ ਕੀਤਾ। ਮੀਟਿੰਗ ਵਿੱਚ ਆਲਮਜੀਤ ਸਿੰਘ ਚਕੌਹੀ ਜਨਰਲ ਸਕੱਤਰ, ਸੁਰਮੁੱਖ ਸਿੰਘ ਹਰਬੰਸਪੁਰਾ ਜ਼ਿਲ੍ਹਾ ਲੁਧਿਆਣਾ ਪ੍ਰਧਾਨ, ਰੋਮੀ ਸਿੰਘ ਲੱਧੜਾਂ ਜਨਰਲ ਸਕੱਤਰ, ਪਰਗਾਸ ਸਿੰਘ ਢੰਡਾ ਤੇ ਤੇਜਬਿੰਦਰ ਸਿੰਘ ਰਾਣਵਾਂ ਹਾਜ਼ਰ ਸਨ।